ਮਾਨ ਸਰਕਾਰ ਦਾ ਸਿਹਤ ਸਹੂਲਤਾਂ ਦੇ ਖੇਤਰ 'ਚ ਵੱਡਾ ਉਪਰਾਲਾ, ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ

Friday, Dec 02, 2022 - 12:58 AM (IST)

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਚੰਡੀਗੜ੍ਹ ਸਥਿਤ ਸਿਹਤ ਵਿਭਾਗ ਦੇ ਡਾਇਰੈਕਟਰ ਦਫ਼ਤਰ ਵਿਖੇ ਆਯੋਜਿਤ ਇਕ ਰੋਜ਼ਾ ਕਪੈਸਿਟੀ ਬਿਲਡਿੰਗ ਕਮ ਟ੍ਰੇਨਿੰਗ ਵਰਕਸ਼ਾਪ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਦੇ 23 ਜ਼ਿਲ੍ਹਾ ਹਸਪਤਾਲਾਂ ਅਤੇ 03 ਮੈਡੀਕਲ ਕਾਲਜਾਂ ਫ਼ਰੀਦਕੋਟ, ਅੰਮ੍ਰਿਤਸਰ ਸਾਹਿਬ ਅਤੇ ਪਟਿਆਲਾ ’ਚ ਸਟ੍ਰੋਕ ਰੈੱਡੀ ਯੂਨਿਟ ਸਥਾਪਿਤ ਕੀਤੇ ਜਾ ਰਹੇ ਹਨ । ਇਨ੍ਹਾਂ ਯੂਨਿਟਾਂ ’ਚ ਦਿਮਾਗੀ ਦੌਰਾ ਜਾਂ ਬ੍ਰੇਨ ਸਟ੍ਰੋਕ ਵਾਲੇ ਮਰੀਜ਼ਾਂ ਦਾ ਤੁਰੰਤ ਇਲਾਜ ਕੀਤਾ ਜਾਵੇਗਾ ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਰਕਾਰੀ ਸਕੂਲਾਂ ਦੇ ਨਾਵਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਰੀ ਕੀਤੇ ਨਵੇਂ ਹੁਕਮ

PunjabKesari

ਪੰਜਾਬ ’ਚ ਹਾਈਪਰਟੈਂਸ਼ਨ, ਜਿਸ ਨੂੰ ਕਿ ਆਮ ਭਾਸ਼ਾ ’ਚ ਬਲੱਡ ਪ੍ਰੈਸ਼ਰ ਵਧਣਾ ਵੀ ਕਿਹਾ ਜਾਂਦਾ ਹੈ, ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਨ੍ਹਾਂ ਮਰੀਜ਼ਾਂ ’ਚੋਂ 50 ਫੀਸਦੀ ਮਰੀਜ਼ਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਹਾਈਪਰਟੈਂਸ਼ਨ ਹੈ। ਉਨ੍ਹਾਂ ਕਿਹਾ ਕਿ ਬ੍ਰੇਨ ਸਟ੍ਰੋਕ, ਹਾਈਪਰਟੈਂਸ਼ਨ ਕਾਰਣ ਹੋਣ ਵਾਲੀ ਇਕ ਬਹੁਤ ਹੀ ਗੰਭੀਰ ਅਤੇ ਘਾਤਕ ਸਥਿਤੀ ਹੈ, ਜਿਸ ਕਾਰਣ ਹਰੇਕ 30 ਮਿੰਟ ’ਚ ਇਕ ਮਰੀਜ਼ ਦੀ ਮੌਤ ਹੋ ਜਾਂਦੀ ਹੈ । ਇਸ ਤੋਂ ਇਲਾਵਾ ਇਸ ਬੀਮਾਰੀ ਕਾਰਣ ਮਰੀਜ਼ ਦਾ ਸਰੀਰ ਵੀ ਲਕਵਾਗ੍ਰਸਤ ਹੋ ਸਕਦਾ ਹੈ । ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਵਚਨ ਨੂੰ ਦੁਹਰਾਉਂਦਿਆਂ ਜੌੜਾਮਾਜਰਾ ਨੇ ਕਿਹਾ ਕਿ ਹੁਣ ਤੱਕ ਗਰੀਬ ਲੋਕਾਂ ਲਈ ਇਸ ਬੀਮਾਰੀ ਦਾ ਇਲਾਜ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸੀ ਅਤੇ ਹੁਣ ਇਨ੍ਹਾਂ ਸਥਾਪਿਤ ਕੀਤੇ ਜਾ ਰਹੇ ਯੂਨਿਟਾਂ ’ਚ ਲੱਗਭਗ 30000/- ਰੁਪਏ ਤੱਕ ਦੇ ਮੁੱਲ ਦਾ ਟੀਕਾ ਬਿਲਕੁਲ ਮੁਫ਼ਤ ਲਗਾਇਆ ਜਾਵੇਗਾ ਅਤੇ ਮਰੀਜ਼ ਦਾ ਸੀ. ਟੀ. ਸਕੈਨ ਵੀ ਮੁਫ਼ਤ ਕੀਤਾ ਜਾਵੇਗਾ । ਇਸ ਨਾਲ ਨਾ ਸਿਰਫ ਅਜਿਹੇ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਸਗੋਂ ਉਸਦੇ ਸਰੀਰ ਨੂੰ ਲਕਵਾਗ੍ਰਸਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ ।

PunjabKesari

ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਸਿਹਤ ਮੰਤਰੀ ਵੱਲੋਂ ਵਰਕਸ਼ਾਪ ’ਚ ਸੂਬੇ ਦੇ ਸਮੂਹ ਜ਼ਿਲ੍ਹਿਆਂ ਅਤੇ ਮੈਡੀਕਲ ਕਾਲਜਾਂ ਤੋਂ ਆਏ ਨੋਡਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਟ੍ਰੇਨਿੰਗ ਉਪਰੰਤ ਉਹ ਆਪਣੇ-ਆਪਣੇ ਹਸਪਤਾਲਾਂ ’ਚ ਜਾ ਕੇ ਇਸ ਬੀਮਾਰੀ ਦੇ ਮਰੀਜ਼ਾਂ ਦੀ ਸੇਵਾ ’ਚ ਕਿਸੇ ਵੀ ਕਿਸਮ ਦੀ ਕਮੀ ਨਾ ਆਉਣ ਦੇਣ । ਇਸ ਬੀਮਾਰੀ ’ਚ ਦਿਮਾਗੀ ਦੌਰੇ ਅਤੇ ਮਰੀਜ਼ ਦੇ ਇਲਾਜ ਦਰਮਿਆਨ ਸਮਾਂ ਬਹੁਤ ਹੀ ਮਹੱਤਵ ਰੱਖਦਾ ਹੈ, ਇਸ ਲਈ ਇਹ ਸਟ੍ਰੋਕ ਰੈੱਡੀ ਯੂਨਿਟ ਆਪਣੇ ਨਾਂ ਦੇ ਅਨੁਸਾਰ ਹੀ ਮਰੀਜ਼ ਦੇ ਇਲਾਜ ਲਈ ਹਰ ਸਮੇਂ ਤਿਆਰ ਹੋਣੇ ਚਾਹੀਦੇ ਹਨ ਤਾਂ ਜੋ ਅਜਿਹੇ ਮਰੀਜ਼ ਦਾ ਇੰਤਜ਼ਾਮ ਦੀ ਘਾਟ ਕਾਰਣ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਸਿਹਤ ਮੰਤਰੀ ਵੱਲੋਂ ਸੀ. ਐੱਮ. ਸੀ. ਲੁਧਿਆਣਾ, ਪੀ. ਜੀ. ਆਈ. ਚੰਡੀਗੜ੍ਹ ਦੇ ਨਿਊਰੋਲੌਜੀ ਵਿਭਾਗ ਅਤੇ ਏਂਜਲਸ ਇਨੀਸ਼ੀਏਟਿਵ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਿਹਤ ਵਿਭਾਗ ਪੰਜਾਬ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਬ੍ਰੇਨ ਸਟ੍ਰੋਕ ਦੇ ਇਲਾਜ ਸਬੰਧੀ ਟ੍ਰੇਨਿੰਗ ਦੇਣ ’ਚ ਸਹਾਇਤਾ ਕੀਤੀ ਹੈ। ਇਸ ਮੌਕੇ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਜੋਏ ਸ਼ਰਮਾ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਰਣਜੀਤ ਸਿੰਘ ਘੋਤੜਾ, ਸਹਾਇਕ ਡਾਇਰੈਕਟਰ ਡਾ. ਸੰਦੀਪ ਸਿੰਘ ਗਿੱਲ, ਡਾ. ਜੈਰਾਜ ਪਾਂਡੀਅਨ, ਪ੍ਰਿੰਸੀਪਲ ਅਤੇ ਡੀਨ ਪ੍ਰੋਫੈਸਰ ਨਿਊਰੋਲੋਜੀ, ਸੀ.ਐੱਮ.ਸੀ. ਲੁਧਿਆਣਾ ਡਾ. ਧੀਰਜ ਖੁਰਾਣਾ, ਪ੍ਰੋਫੈਸਰ, ਨਿਊਰੋਲੋਜੀ ਪੀ. ਜੀ. ਆਈ. ਐੱਮ. ਈ. ਆਰ. ਚੰਡੀਗੜ੍ਹ, ਏਂਜਲਸ ਇਨੀਸ਼ੀਏਟਿਵ ਦੇ ਨੈਸ਼ਨਲ ਹੈੱਡ ਵਿਲੀਅਮ ਮਸੀਹ ਵੀ ਵਰਕਸ਼ਾਪ ’ਚ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਨੂੰ ਸ਼ਹਿਰੀ ਪੱਧਰ ਦੀਆਂ ਸਹੂਲਤਾਂ ਦੇਣਾ ਭਗਵੰਤ ਮਾਨ ਸਰਕਾਰ ਦੀ ਤਰਜੀਹ : ਕੁਲਦੀਪ ਧਾਲੀਵਾਲ


Manoj

Content Editor

Related News