ਬਿਜਲੀ ਮੰਤਰੀ ਕਾਂਗੜ ਵਲੋਂ ਥਾਣੇ ਦਾ ਦੌਰਾ

Wednesday, Feb 20, 2019 - 04:06 AM (IST)

ਬਿਜਲੀ ਮੰਤਰੀ ਕਾਂਗੜ ਵਲੋਂ  ਥਾਣੇ ਦਾ ਦੌਰਾ
ਬਠਿੰਡਾ (ਢਿੱਲੋਂ)-ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਤੇ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਨੇ ਸਥਾਨਕ ਪੁਲਸ ਥਾਣੇ ਦਾ ਵੀ ਦੌਰਾ ਕੀਤਾ। ਇਸ ਸਮੇਂ ਕਾਂਗਡ਼ ਨੇ ਜਿਥੇ ਸਥਾਨਕ ਐੱਸ. ਐੱਚ. ਓ. ਹਰਜੀਤ ਸਿੰਘ ਮਾਨ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਥਾਣੇ ਦੀ ਖੁੱਲ੍ਹੀ ਜਗ੍ਹਾ ’ਚ ਲਾਏ ਪੌਦਿਆਂ ਦੀ ਪ੍ਰਸ਼ੰਸਾ ਕੀਤੀ, ਉਥੇ ਦੂਜੇ ਪਾਸੇ ਅਕਾਲੀ ਸਰਕਾਰ ਸਮੇਂ ਬਣਾਈ ਗਈ ਥਾਣੇ ਦੀ ਬਿਲਡਿੰਗ ਦੀ ਹੋ ਰਹੀ ਤਰਸਯੋਗ ਹਾਲਤ ’ਤੇ ਵੀ ਚਿੰਤਾ ਜਤਾਈ। ਇਸ ਸਮੇਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਨੇ ਕਿਹਾ ਕਿ ਥਾਣੇ ਅੰਦਰ ਲਾਏ ਪੌਦੇ ਪੁਲਸ ਵਲੋਂ ਚੁੱਕਿਆ ਗਿਆ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਆਪਣੇ ਹੱਥੀਂ ਅੰਬ ਦਾ ਪੌਦਾ ਲਾਉਂਦਿਆਂ ਕਿਹਾ ਕਿ ਪੌਦੇ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ, ਜਿਸ ਕਰ ਕੇ ਪੌਦੇ ਲਾਉਣਾ ਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ। ਇਸ ਸਮੇਂ ਕਾਂਗਡ਼ ਨੇ ਜਦੋਂ ਘੁੰਮਦੇ-ਘੁੰਮਦੇ ਇਸ ਨਵੀਂ ਬਣੀ ਥਾਣੇ ਦੀ ਬਿਲਡਿੰਗ ਬਣੀ ਤਰਸਯੋਗ ਹਾਲਤ ਵੇਖੀ ਤਾਂ ਹੈਰਾਨ ਰੀਹ ਗਏ ਤੇ ਕਿਹਾ ਕਿ ਅਜੇ ਤਾਂ ਇਸ ਨੂੰ ਬਣੇ ਕੁਝ ਸਮਾਂ ਵੀ ਨਹੀਂ ਹੋਇਆ, ਇਸ ਦੀ ਹਾਲਤ ਇਹ ਬਣੀ ਹੈ ਤਾਂ ਹੋਰ ਸਮਾਂ ਪੈਣ ’ਤੇ ਇਸ ਦਾ ਕੀ ਬਣੇਗਾ। ਉਨ੍ਹਾਂ ਕਿਹਾ ਕਿ ਇਸ ਥਾਣੇ ਦੀ ਨਵੀਂ ਬਣੀ ਬਿਲਡਿੰਗ ਦੀ ਜਾਂਚ ਕਰਵਾਈ ਜਾਵੇਗੀ ਤਾਂ ਕਿ ਘਟੀਆ ਮਟੀਰੀਅਲ ਵਰਤਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਕਾਂਗਡ਼ ਨੇ ਕਿਹਾ ਕਿ ਪੁਲਸ ਵਲੋਂ ਥਾਣੇ ਦੀ ਸੁੰਦਰਤਾ ਲਈ ਹੋਰ ਵੀ ਪੌਦਿਆਂ ਦੀ ਲੋਡ਼ ਹੋਵੇ ਤਾਂ ਉਹ ਆਪਣਾ ਸਹਿਯੋਗ ਦੇਣ ਲਈ ਤਿਆਰ ਹਨ ਕਿਉਂਕਿ ਪੁਲਸ ਵਲੋਂ ਇਸ ਥਾਣੇ ਨੂੰ ਆਪਣੇ ਘਰ ਦੀ ਤਰ੍ਹਾਂ ਸੁੰਦਰ ਬਣਾਉਣਾ ਵੀ ਇਕ ਵੱਡਾ ਉਪਰਾਲਾ ਹੈ। ਇਸ ਸਮੇਂ ਉਨ੍ਹਾਂ ਨਾਲ ਡੀ. ਐੱਸ. ਪੀ. ਫੂਲ ਗੁਰਪ੍ਰੀਤ ਸਿੰਘ ਗਿੱਲ, ਨਾਇਬ ਤਹਿਸੀਲਦਾਰ ਭਗਤਾ ਪੁਨੀਤ ਬਾਂਸਲ, ਐੱਸ. ਐੱਚ. ਓ. ਹਰਜੀਤ ਸਿੰਘ ਮਾਨ ਤੇ ਹੋਰ ਸਟਾਫ ਹਾਜ਼ਰ ਸੀ।

Related News