ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੱਡੀ ਰਾਹਤ, ਭਾਖੜਾ 'ਚ ਘਟਿਆ ਪਾਣੀ ਦਾ ਪੱਧਰ
Friday, Aug 23, 2019 - 11:40 AM (IST)
ਜਲੰਧਰ/ਹਿਮਾਚਲ—ਹੜ੍ਹ ਦੀ ਮਾਰ ਝੱਲ ਰਹੇ ਇਲਾਕਿਆਂ ਲਈ ਵੱਡੀ ਰਾਹਤ ਭਰੀ ਖਬਰ ਹੈ। ਅੱਜ ਭਾਵ ਸ਼ੁੱਕਰਵਾਰ ਨੂੰ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਭਾਖੜਾ ਡੈਮ ਦੇ ਫਲੱਡ ਗੇਟ 8 ਫੁੱਟ ਦੀ ਬਜਾਏ 4 ਫੁੱਟ ਤੱਕ ਕੀਤੇ ਗਏ ਹਨ ਅਤੇ ਹੁਣ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਘੱਟ ਕੇ 1678 ਫੁੱਟ ਤੱਕ ਹੋ ਗਿਆ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹੁਣ ਫਲੱਡ ਗੇਟ ਤੋਂ ਸਿਰਫ 20 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਅੱਜ ਸਵੇਰੇ ਪਾਣੀ ਦਾ ਇਨਫਲੋ 39,999 ਕਿਊੁਸਿਕ ਅਤੇ ਆਊਟਫਲੋ 54,000 ਕਿਊਸਿਕ ਦਰਜ ਕੀਤਾ ਗਿਆ। ਦੱਸ ਦੇਈਏ ਕਿ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵੱਧ ਕੇ 1681 ਫੁੱਟ ਤੱਕ ਪਹੁੰਚ ਗਿਆ ਸੀ।
ਦੱਸਣਯੋਗ ਹੈ ਕਿ ਪੰਜਾਬ ਅਤੇ ਹਿਮਾਚਲ 'ਚ ਭਾਰੀ ਮੀਂਹ ਕਾਰਨ ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਸੀ, ਜਿਸ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਸਨ। ਡੈਮ ਤੋਂ ਨਹਿਰਾਂ ਅਤੇ ਦਰਿਆਵਾਂ 'ਚ ਪਾਣੀ ਛੱਡੇ ਜਾਣ ਕਾਰਨ ਕਈ ਥਾਵਾਂ 'ਤੇ ਅਲਰਟ ਜਾਰੀ ਕੀਤਾ ਗਿਆ ਸੀ, ਜਿਸ ਕਾਰਨ ਹੇਠਲੇ ਇਲਾਕਿਆਂ ਅਤੇ ਪਿੰਡਾਂ ਦੇ ਵੱਸਦੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ 'ਤੇ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਸੁਰੱਖਿਅਤ ਸਥਾਨਾਂ 'ਤੇ ਜਾਣਾ ਪਿਆ ਅਤੇ ਕਈ ਲੋਕਾਂ ਨੂੰ ਘਰ ਦੀਆਂ ਛੱਤਾਂ 'ਤੇ ਰਹਿਣ ਲਈ ਮਜ਼ਬੂਰ ਹੋਣਾ ਪਿਆ ਸੀ।