ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਬਿਆਨ ਦੀ ਭਾਈ ਲੌਂਗੋਵਾਲ ਵੱਲੋਂ ਨਿਖੇਧੀ
Wednesday, Jul 22, 2020 - 04:29 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ) : ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲੇਬ ਕੁਮਾਰ ਦੇਬ ਵੱਲੋਂ ਪੰਜਾਬੀਆਂ ਲਈ ਕੀਤੀ ਗਈ ਅਪਮਾਨਜਨਕ ਸ਼ਬਦਾਵਲੀ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਬਿਪਲੇਬ ਦੇਬ ਨੇ ਕਿਹਾ ਸੀ ਪੰਜਾਬੀ ਅਤੇ ਜਾਟ ਕਿਸੇ ਤੋਂ ਡਰਦੇ ਨਹੀਂ ਹਨ, ਬਹੁਤ ਤਾਕਤਵਰ ਹਨ ਪਰ ਘੱਟ ਦਿਮਾਗ ਵਾਲੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਦੀ ਇਸ ਟਿਪਣੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਉਸ ਨੂੰ ਅਜਿਹਾ ਕਹਿਣਾ ਨਹੀਂ ਚਾਹੀਦਾ ਸੀ। ਭਾਈ ਲੌਂਗੋਵਾਲ ਨੇ ਆਖਿਆ ਕਿ ਪੰਜਾਬੀ ਅਤੇ ਸਰਦਾਰ ਦੇਸ਼ ਦੀ ਇਜ਼ਤ ਦੇ ਰੱਖਵਾਲੇ ਹਨ, ਇਨ੍ਹਾਂ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਿਸੇ ਭਾਈਚਾਰੇ ਵਿਰੁੱਧ ਅਪਮਾਨ ਭਰੀ ਟਿਪਣੀ ਕਰਨੀ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਪੂਰੀ ਦੁਨੀਆਂ ਅੰਦਰ ਆਪਣੀ ਲਿਆਕਤ ਨਾਲ ਨਾਂ ਚਮਕਾਇਆ ਹੈ। ਇੱਕਲੇ ਭਾਰਤ ਹੀ ਨਹੀਂ ਸਗੋਂ ਸਾਰੀ ਦੁਨੀਆ 'ਚ ਸਿੱਖਾਂ ਦੀਆਂ ਪ੍ਰਾਪਤੀਆਂ ਬੇਸ਼ੁਮਾਰ ਹਨ। ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਦੀ ਅਜ਼ਾਦੀ ਵਿਚ ਸਿੱਖਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਦੇਸ਼ ਦੀ ਰਖਵਾਲੀ ਅਤੇ ਤਰਕੀ ਲਈ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦੀ ਸਮਝ 'ਤੇ ਸੁਆਲ ਕਰਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਦੀ ਬੇਸਮਝੀ ਹੈ। ਉਸ ਨੂੰ ਸਿੱਖ ਕੌਮ ਦੇ ਇਤਿਹਾਸ ਅਤੇ ਪ੍ਰਾਪਤੀਆਂ ਨੂੰ ਸਾਹਮਣੇ ਰੱਖਕੇ ਹੀ ਕੋਈ ਟਿੱਪਣੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਬਵਾਲ, ਦੇਖੋ ਕਿਵੇਂ ਆਗੂਆਂ ਨੇ ਕੱਢੀ ਭੜਾਸ (ਵੀਡੀਓ)
ਇਹ ਸੀ ਮਾਮਲਾ
ਬੀਤੇ ਦਿਨੀਂ ਬਿਪੁਲਬ ਦੇਵ ਸਿੱਖਾਂ ਤੇ ਜਾਟਾਂ ਨੂੰ ਘੱਟ ਦਿਮਾਗ ਵਾਲਾ ਦੱਸ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਨੂੰ ਸਰੀਰਕ ਤੌਰ 'ਤੇ ਬਲਵਾਨ ਦੱਸਿਆ ਪਰ ਬਿਪੁਲਬ ਦੇਵ ਬਿਆਨ ਤੋਂ ਖ਼ਫਾ ਪੰਜਾਬੀ ਇਸ ਨੂੰ ਘੱਟ ਗਿਣਤੀਆਂ 'ਤੇ ਭਾਜਪਾ ਦਾ ਹਮਲਾ ਦੱਸ ਰਹੇ ਹਨ। ਦੂਜੇ ਪਾਸੇ ਭਾਜਪਾ ਨੇ ਵੀ ਸਫਾਈ ਦਿੰਦੇ ਹੋਏ ਇਸ ਨੂੰ ਬਿਪਲਬ ਦੇਵ ਦੇ ਨਿੱਜੀ ਵਿਚਾਰ ਦੱਸਿਆ ਨਾ ਕਿ ਪਾਰਟੀ ਦੀ ਸੋਚ। ਹਾਲਾਂਕਿ ਬਿਪਲਬ ਦੇਵ ਵਲੋਂ ਟਵੀਟ ਕਰਕੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਮੁਆਫੀ ਮੰਗ ਲਈ ਗਈ ਹੈ। ਉਨ੍ਹਾਂ ਲਿਖਿਆ ਹੈ ਕਿ 'ਅਗਰਤਲਾ ਪ੍ਰੈੱਸ ਕਲੱਬ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਮੈਂ ਆਪਣੇ ਪੰਜਾਬੀ ਤੇ ਜਾਟ ਭਰਾਵਾਂ ਦੇ ਬਾਰੇ ਕੁਝ ਲੋਕਾਂ ਦੀ ਸੋਚ ਦਾ ਜ਼ਿਕਰ ਕੀਤਾ ਸੀ। ਮੇਰਾ ਇਰਾਦਾ ਕਿਸੇ ਵੀ ਸਮਾਜ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਮੈਨੂੰ ਪੰਜਾਬੀ ਤੇ ਜਾਟ ਦੋਵੇਂ ਹੀ ਭਾਈਚਾਰਿਆਂ 'ਤੇ ਮਾਣ ਹੈ। ਮੈਂ ਖ਼ੁਦ ਕਾਫੀ ਸਮੇਂ ਤੱਕ ਇਨ੍ਹਾਂ ਵਿਚਾਲੇ ਰਿਹਾ ਹਾਂ। ਮੇਰੇ ਕਈ ਖਾਸ ਮਿੱਤਰ ਇਸੇ ਭਾਈਚਾਰੇ 'ਚੋਂ ਹਨ। ਜੇਕਰ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸਦੇ ਲਈ ਮੈਂ ਨਿੱਜੀ ਤੌਰ 'ਤੇ ਮੁਆਫੀ ਮੰਗਦਾ ਹਾਂ।'
ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਲਏ ਗਏ ਵੱਡੇ ਫ਼ੈਸਲੇ