ਪੰਜਾਬ ''ਚ ''ਭਾਈ ਘੱਨਈਆ ਸਿਹਤ ਸੇਵਾ ਸਕੀਮ'' ਮੁੜ ਸ਼ੁਰੂ, 2 ਲੱਖ ਤੱਕ ਹੋਵੇਗਾ ਮੁਫਤ ਇਲਾਜ
Wednesday, Mar 18, 2020 - 08:52 AM (IST)
ਚੰਡੀਗੜ੍ਹ (ਰਮਨਜੀਤ) : ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਕਿਸਾਨ ਪਰਿਵਾਰਾਂ, ਸਹਿਕਾਰੀ ਬੈਂਕਾਂ ਦੇ ਖਾਤਾ ਧਾਰਕਾਂ ਅਤੇ ਵਿਭਾਗ ਦੇ ਅਧਿਕਾਰੀਆਂ ਲਈ ਵਰਦਾਨ ਭਾਈ ਘਨ੍ਹੱਈਆ ਸਿਹਤ ਸੇਵਾ ਸਕੀਮ ਦਾ ਉਦਘਾਟਨ ਕੀਤਾ ਗਿਆ। ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ 'ਚ ਸਹਿਕਾਰਤਾ ਮੰਤਰੀ ਨੇ ਸੰਕੇਤਕ ਤੌਰ 'ਤੇ 11 ਮੈਂਬਰਾਂ ਨੂੰ ਕਾਰਡ ਵੰਡ ਕੇ ਸਕੀਮ ਦਾ ਰਸਮੀਂ ਉਦਘਾਟਨ ਕੀਤਾ। ਇਸ ਸਕੀਮ ਤਹਿਤ ਮੇਨ ਮੈਂਬਰ ਦਾ ਪ੍ਰੀਮੀਅਮ 2714 ਰੁਪਏ ਸਮੇਤ ਜੀ. ਐਸ. ਟੀ. ਅਤੇ ਆਸ਼ਰਿਤ ਮੈਂਬਰਾਂ ਦਾ ਪ੍ਰੀਮੀਅਮ 679 ਰੁਪਏ ਸਮੇਤ ਜੀ. ਐਸ. ਟੀ. ਬਣਦਾ ਹੈ ਅਤੇ ਇਸ ਸਕੀਮ ਅਧੀਨ ਹਰੇਕ ਲਾਭਪਾਤਰੀ ਪਰਿਵਾਰਕ ਤੌਰ 'ਤੇ 2 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦਾ ਹੈ। ਰੰਧਾਵਾ, ਜੋ ਭਾਈ ਘਨ੍ਹੱਈਆ ਟਰੱਸਟ ਦੇ ਚੇਅਰਮੈਨ ਵੀ ਹਨ, ਨੇ ਦੱਸਿਆ ਕਿ ਕਿਸਾਨ ਪਰਿਵਾਰਾਂ ਲਈ ਵਰਦਾਨ ਇਸ ਮਹੱਤਵਪੂਰਨ ਸਕੀਮ ਨੂੰ ਸਾਲ 2020-21 ਲਈ ਲਾਗੂ ਕਰਨ ਲਈ ਨਿਊ ਇੰਡੀਆ ਇੰਸ਼ੋਰੈਂਸ਼ ਕੰਪਨੀ ਲਿਮਟਿਡ ਅਤੇ ਐਮ.ਡੀ.ਇੰਡੀਆ ਹੈਲਥ ਇੰਸ਼ੋਰੈਂਸ਼ ਟੀ. ਪੀ. ਏ. ਲਿਮਟਿਡ ਦੇ ਨਾਲ ਬੀਤੇ ਦਿਨੀਂ ਸਮੌਝਤਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦੀ ਵਿਲੱਖਣਤਾ ਇਹ ਹੈ ਕਿ ਇਸ 'ਚ ਪਹਿਲਾਂ ਤੋਂ ਹੀ ਬਿਮਾਰ ਵਿਅਕਤੀ ਵੀ ਮੈਂਬਰ ਬਣ ਸਕਦਾ ਹੈ। ਮੈਂਬਰ ਬਣਨ ਤੋਂ ਪਹਿਲਾਂ ਕੋਈ ਮੈਡੀਕਲ ਨਹੀਂ ਕਰਵਾਇਆ ਜਾਂਦਾ। ਇਸ ਸਕੀਮ ਅਧੀਨ ਪ੍ਰਵਾਨਿਤ ਗੈਰ-ਸਰਕਾਰੀ ਹਸਪਤਾਲਾਂ 'ਚ ਨਗਦੀ ਰਹਿਤ ਇਲਾਜ ਕੀਤਾ ਜਾਂਦਾ ਹੈ। ਸਰਕਾਰੀ ਹਸਪਤਾਲਾਂ 'ਚ ਜੇਕਰ ਇਲਾਜ ਕਰਵਾਇਆ ਜਾਂਦਾ ਹੈ ਤਾਂ ਉਸ ਦੀ ਪ੍ਰਤੀ ਪੂਰਤੀ ਕੀਤੀ ਜਾਂਦੀ ਹੈ। ਇਸ ਸਕੀਮ ਅਧੀਨ ਲੜਕੀ ਦੇ ਜਨਮ 'ਤੇ 2100 ਰੁਪਏ ਦੀ ਰਾਸ਼ੀ ਸ਼ਗਨ ਵਜੋਂ ਦਿੱਤੀ ਜਾਂਦੀ ਹੈ। ਨਵੇਂ ਜਨਮੇ ਬੱਚੇ ਦੀ ਜਨਮ ਤੋਂ ਲੈ ਕੇ 6 ਮਹੀਨੇ ਤੱਕ ਉਸ ਦਾ ਸਿਹਤ ਬੀਮਾ ਬਿਨਾਂ ਪ੍ਰੀਮੀਅਮ ਤੋਂ ਕੀਤਾ ਜਾਂਦਾ ਹੈ। ਮੈਂਬਰਾਂ ਨੂੰ ਈ-ਕਾਰਡ ਪ੍ਰਾਪਤ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ। ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਸਮਝੌਤੇ ਅਨੁਸਾਰ ਇਸ ਸਕੀਮ ਦਾ ਲਾਭ ਲੈਣ ਲਈ 1 ਲੱਖ 42 ਹਜ਼ਾਰ ਪਰਿਵਾਰਾਂ ਨੇ ਫਾਰਮ ਭਰੇ ਹਨ ਅਤੇ ਜੋ ਵੀ ਇਸ ਸਕੀਮ ਅਧੀਨ ਮੈਂਬਰ ਬਣਨਾ ਚਾਹੁੰਦੇ ਹਨ, ਉਹ ਨੇੜੇ ਦੀ ਸਹਿਕਾਰੀ ਸਭਾ/ਸਹਿਕਾਰੀ ਸੰਸਥਾਵਾਂ 'ਚ ਤੁਰੰਤ ਜਾ ਕੇ ਆਪਣਾ ਫਾਰਮ ਭਰ ਸਕਦੇ ਹਨ ਅਤੇ ਮੈਂਬਰ ਬਣ ਸਕਦੇ ਹਨ। ਰੰਧਾਵਾ ਨੇ ਦੱਸਿਆ ਕਿ ਇਹ ਸਕੀਮ ਸਹਿਕਾਰੀ ਸਭਾਵਾਂ ਦੇ ਰਜਿਸਟਰਡ ਮੈਂਬਰਾਂ, ਸਹਿਕਾਰਤਾ ਵਿਭਾਗ ਦੇ ਕਰਮਚਾਰੀਆਂ/ਸੇਵਾ ਮੁਕਤ ਕਰਮਚਾਰੀਆਂ, ਪੰਜਾਬ ਰਾਜ ਦੇ ਪੰਜਾਬ ਅਤੇ ਚੰਡੀਗੜ•੍ਹ ਸਥਿਤ ਸਹਿਕਾਰੀ ਬੈਂਕਾਂ ਦੇ ਖਾਤਾ ਧਾਰਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ, ਜਿਨ੍ਹਾਂ ਦੀ ਉਮਰ 75 ਸਾਲ ਤੋਂ ਘੱਟ ਹੈ, ਨੂੰ ਕੈਸ਼ਲੈਸ ਸਿਹਤ ਬੀਮਾ ਯੋਜਨਾ ਸਾਲ 2020-21 'ਚ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਸੇਵਾ ਮੁਕਤੀ 'ਤੇ ਲਗਾਈ ਰੋਕ
ਇਸ ਮੌਕੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਅਤੇ ਟਰੱਸਟ ਦੇ ਡਿਪਟੀ ਚੇਅਰਮੈਨ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਕੀਮ ਸਾਲ 2006 ਤੋਂ ਚੱਲੀ ਆ ਰਹੀ ਹੈ। ਇਸ ਸਕੀਮ ਅਧੀਨ ਹੁਣ ਤੱਕ 3 ਲੱਖ ਤੋਂ ਵੱਧ ਮੈਂਬਰਾਂ ਵਲੋਂ ਲਗਭਗ 268 ਕਰੋੜ ਰੁਪਏ ਦਾ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਸਹਿਕਾਰੀ ਸਭਾਵਾਂ ਦੇ ਵਧੀਕ ਰਜਿਸਟਰਾਰ (ਜੀ) ਤੇ ਟਰੱਸਟ ਦੇ ਮੁੱਖ ਕਾਰਜਕਾਰੀ ਐਸ. ਕੇ. ਬਾਤਿਸ਼ ਨੇ ਦੱਸਿਆ ਕਿ ਮੈਂਬਰਾਂ ਨੂੰ ਇਲਾਜ ਕਰਵਾਉਣ ਉਪਰੰਤ ਉਸ ਵਲੋਂ ਕਰਵਾਏ ਗਏ ਇਲਾਜ ਦੀ ਰਕਮ ਅਤੇ ਬਕਾਇਆ ਦੀ ਜਾਣਕਾਰੀ ਉਸ ਦੇ ਮੋਬਾਈਲ ਫੋਨ 'ਤੇ ਐਸ.ਐਮ.ਐਸ. ਰਾਹੀਂ ਦਿੱਤੀ ਜਾਂਦੀ ਹੈ। ਕਿਸੇ ਹੋਰ ਲੋੜੀਂਦੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 1800-233-5758 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਲਾਭਪਾਤਰੀ ਆਪਣਾ ਈ-ਕਾਰਡ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਮੌਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਨਿਊ ਇੰਡੀਆ ਇੰਸ਼ੋਰੈਂਸ਼ ਕੰਪਨੀ ਦੇ ਡੀ.ਜੀ.ਐਮ. ਰਾਜ ਕੁਮਾਰੀ ਅਤੇ ਐਮ.ਡੀ. ਇੰਡੀਆ ਹੈਲਥ ਇਸ਼ੋਰੈਂਸ਼ ਟੀ.ਪੀ.ਏ. ਲਿਮਟਿਡ ਦੇ ਐਸੋਸੀਏਟ ਡਾਇਰੈਕਟਰ ਸੰਜੀਵ ਬਾਂਸਲ ਵੀ ਹਾਜ਼ਰ ਸਨ।