ਮਾਨ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ, ਪੰਜਾਬ ਕੈਬਨਿਟ ’ਚ ਹੋਏ ਵੱਡੇ ਫ਼ੈਸਲੇ
Monday, May 02, 2022 - 10:13 PM (IST)
ਚੰਡੀਗੜ੍ਹ : ਭਗਵੰਤ ਮਾਨ ਵਜ਼ਾਰਤ ਨੇ ਵੱਡੇ ਫ਼ੈਸਲਾ ਲੈਂਦੇ ਹੋਏ ਵੱਖ-ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਇਕ ਵਿਧਾਇਕ, ਇਕ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਵੀ ਪੰਜਾਬ ਕੈਬਨਿਟ ਨੇ ਪ੍ਰਵਾਨਗੀ ਦੇ ਦਿੱਤੀ ਹੈ। ਕੈਬਨਿਟ ਦੇ ਇਸ ਫ਼ੈਸਲੇ ਨਾਲ ਹੁਣ ਇਕ ਵਿਧਾਇਕ ਨੂੰ ਇਕ ਹੀ ਪੈਨਸ਼ਨ ਮਿਲੇਗੀ। ਦਰਅਸਲ ਪਹਿਲਾਂ ਜੇਕਰ ਕੋਈ ਵਿਧਾਇਕ ਦੋ ਵਾਰ ਜਾਂ ਉਸ ਤੋਂ ਵੱਧ ਵਾਰ ਚੋਣ ਜਿੱਤਦਾ ਸੀ ਤਾਂ ਉਸ ਨੂੰ ਉਨੀ ਵਾਰ ਦੀ ਹੀ ਪੈਨਸ਼ਨ ਦਿੱਤੀ ਜਾਂਦੀ ਸੀ ਪਰ ਹੁਣ ਮਾਨ ਸਰਕਾਰ ਦੇ ਫ਼ੈਸਲੇ ਅਨੁਸਾਰ ਵਿਧਾਇਕ ਭਾਵੇਂ ਜਿੰਨੀ ਵੀ ਵਾਰ ਚੋਣ ਜਿੱਤ ਚੁੱਕਿਆ ਹੋਵੇ, ਪੈਨਸ਼ਨ ਉਸ ਨੂੰ ਮਹਿਜ਼ ਇਕ ਵਾਰ ਦੀ ਹੀ ਮਿਲੇਗੀ।
ਇਹ ਵੀ ਪੜ੍ਹੋ : ਪਟਿਆਲਾ ਝੜਪ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਖ਼ਤ, ਪੁਲਸ ਅਫਸਰਾਂ ਨੂੰ ਜਾਰੀ ਕੀਤੀਆਂ ਨਵੀਆਂ ਹਦਾਇਤਾਂ
ਇਸ ਤੋਂ ਇਲਾਵਾ ਮਾਨ ਸਰਕਾਰ ਨੇ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਕ ਹੋਰ ਫ਼ੈਸਲੇ ਵਿਚ ਮੁਕਤਸਰ ਜ਼ਿਲ੍ਹੇ ’ਚ ਨਰਮੇ ਦੀ ਫ਼ਸਲ ਦੇ ਖ਼ਰਾਬ ਹੋਣ ’ਤੇ 41.89 ਕਰੋੜ ਰੁਪਏ ਦੇ ਮੁਆਵਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਵਿਚ 38.08 ਕਰੋੜ ਰੁਪਏ ਕਿਸਾਨਾਂ ਲਈ ਜਦਕਿ 03.81 ਕਰੋੜ ਰੁਪਏ ਖੇਤ ਮਜ਼ਦੂਰਾਂ ਲਈ ਜਾਰੀ ਕੀਤੇ ਗਏ ਹਨ। ਹੋਰ ਫ਼ੈਸਲੇ ਵਿਚ ਛੋਟੇ ਟਰਾਂਸਪੋਰਟਰਾਂ ਲਈ ਫੀਸ ਜਮਾਂ ਕਰਵਾਉਣ ਲਈ 3 ਮਹੀਨੇ ਦਾ ਸਮਾਂ ਵਧਾਇਆ ਗਿਆ ਹੈ ਅਤੇ ਇਹ ਫੀਸ ਕਿਸ਼ਤਾਂ ’ਚ ਵੀ ਜਮਾਂ ਹੋ ਸਕੇਗੀ।
ਇਹ ਵੀ ਪੜ੍ਹੋ : ਮੋਗਾ ’ਚ ਭਿਆਨਕ ਹਾਦਸਾ, ਵਿਆਹ ਦੀ ਵਰ੍ਹੇਗੰਢ ਮਨਾ ਕੇ ਆ ਰਹੇ ਜੋੜੇ ਦੀ ਮੌਤ, ਕੁਝ ਦਿਨ ਬਾਅਦ ਹੋਣੀ ਸੀ ਡਿਲਿਵਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?