ਭਗਵੰਤ ਮਾਨ ਨੇ ਪੇਸ਼ ਕੀਤਾ ਪੰਜਾਬ ਦਾ ਖ਼ਾਲੀ ਖਜ਼ਾਨਾ ਭਰਨ ਦਾ ਖ਼ਾਕਾ
Friday, Jan 14, 2022 - 06:34 PM (IST)
ਚੰਡੀਗੜ੍ਹ (ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਖ਼ਾਲੀ ਖ਼ਜ਼ਾਨਾ ਭਰਿਆ ਜਾਵੇਗਾ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੇ ਨਾਲ- ਨਾਲ ਪੰਜਾਬ ਸਿਰ ਚੜ੍ਹਿਆ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਵੀ ਉਤਾਰਿਆ ਜਾਵੇਗਾ। ਮਾਨ ਨੇ ਇਹ ਦਾਅਵਾ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ।
ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ
ਭਗਵੰਤ ਮਾਨ ਨੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਬਚਾਉਣ ਦਾ ਖ਼ਾਕਾ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ 1 ਲੱਖ 68 ਹਜ਼ਾਰ ਕਰੋੜ ਦੇ ਖ਼ਜ਼ਾਨੇ ਵਿਚੋਂ ਹਰ ਸਾਲ 30 ਤੋਂ 35 ਹਜ਼ਾਰ ਕਰੋੜ ਰੁਪਏ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਰਾਹੀਂ ਲੁੱਟੇ ਜਾ ਰਹੇ ਹਨ, ਜਿਸ ਨੂੰ ‘ਆਪ’ ਦੀ ਸਰਕਾਰ ਪਹਿਲੇ ਹੱਲੇ ਬੰਦ ਕਰੇਗੀ। ਰੇਤ ਮਾਫ਼ੀਆ ਵੱਲੋਂ 20 ਹਜ਼ਾਰ ਕਰੋੜ ਦਾ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਜਾਂਦਾ ਹੈ, ਜੋ ਪੰਜ ਸਾਲਾਂ ਵਿੱਚ ਇੱਕ ਲੱਖ ਕਰੋੜ ਰੁਪਏ ਦਾ ਬਣ ਜਾਂਦਾ ਹੈ। ਇਸੇ ਤਰ੍ਹਾਂ ਟਰਾਂਸਪੋਰਟ, ਐਕਸਾਇਜ਼ ਅਤੇ ਜ਼ਮੀਨਾਂ ਦੀ ਲੁੱਟ ਨੂੰ ਬੰਦ ਕੀਤਾ ਜਾਵੇਗਾ ਅਤੇ ਵਿੱਤੀ ਸਾਧਨਾਂ ਬਾਰੇ ਲੋਕਹਿਤੈਸ਼ੀ ਨੀਤੀਆਂ ਨੂੰ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਖ਼ੁਲਾਸਾ, ਦੱਸਿਆ ਕਿਉਂ ਨਹੀਂ ਹੋਇਆ ਸੰਯੁਕਤ ਸਮਾਜ ਮੋਰਚਾ ਨਾਲ ਗਠਜੋੜ
ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਸਿਰ ਤਿੰਨ ਲੱਖ ਕਰੋੜ ਤੋ ਵੱਧ ਦਾ ਕਰਜ਼ਾ ਹੈ ਅਤੇ ਪੰਜਾਬ ਦੀ ਆਬਾਦੀ ਵੀ ਤਿੰਨ ਕਰੋੜ ਹੈ। ਇਸ ਤਰ੍ਹਾਂ ਹਰੇਕ ਪੰਜਾਬੀ ਦੇ ਸਿਰ ਇੱਕ ਲੱਖ ਦਾ ਕਰਜ਼ਾ ਹੈ, ਮਤਲਬ ਪੰਜਾਬ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਕਰਜ਼ਈ ਪੈਦਾ ਹੋ ਰਿਹਾ ਹੈ। ਇਹ ਕਿਵੇਂ ਹੋਇਆ? ਜਦੋਂ ਕਿ ਪੰਜਾਬ ਦੇ ਲੋਕ ਇਮਾਨਦਾਰੀ ਨਾਲ ਟੈਕਸ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਤੇ ਰਾਜ ਕਰਦੇ ਆ ਰਹੇ ਘਰਾਣਿਆਂ ਅਤੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਦੀ ਜਾਇਦਾਦ ਲਗਾਤਾਰ ਵੱਧ ਰਹੀ ਹੈ। ਹਾਕਮ ਧਿਰ ਦੇ ਆਗੂਆਂ ਨੇ ਪੰਜ ਅਤੇ ਸੱਤ ਤਾਰਾ ਵੱਡੇ- ਵੱਡੇ ਹੋਟਲ, ਮਹੱਲ- ਮੁਨਾਰੇ ਅਤੇ ਸ਼ਾਪਿੰਗ ਮਾਲ ਉਸਾਰ ਲਏ ਹਨ। ਇਸ ਤੋਂ ਬਿਨ੍ਹਾਂ ਵਿਦੇਸ਼ਾਂ ’ਚ ਜ਼ਮੀਨਾਂ, ਇਮਾਰਤਾਂ ਖ਼ਰੀਦਣ ਸਮੇਤ ਵਿਦੇਸ਼ੀ ਬੈਂਕਾਂ ਵਿੱਚ ਖਾਤੇ ਵਧਾ ਲਏ ਹਨ। ਲੀਡਰਾਂ ਦੀਆਂ ਬੱਸਾਂ ਦੀ ਗਿਣਤੀ ਸੈਂਕੜਿਆਂ ’ਚ ਵਧ ਗਈ ਹੈ, ਜਦੋਂਕਿ ਸਰਕਾਰੀ ਬੱਸਾਂ ਅਤੇ ਰੂਟਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਪੰਜਾਬ ਦੇ ਇਨ੍ਹਾਂ ਸੱਤਾਧਾਰੀ ਦਲਾਂ ਦਾ ਇੱਕ ਵੀ ਆਗੂ ਗ਼ਰੀਬ ਨਹੀਂ ਹੋਇਆ, ਕਿਉਂਕਿ ਮਾਫ਼ੀਆ ਰਾਜ ਰਾਹੀਂ ਇਨ੍ਹਾਂ ਭ੍ਰਿਸ਼ਟਾਚਾਰੀਆਂ ਨੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਵਾਰੀ ਬੰਨ ਕੇ ਲੁੱਟਿਆ ਹੈ।
ਇਹ ਵੀ ਪੜ੍ਹੋ : ਵੱਡਾ ਦਾਅ ਖੇਡਣ ਦੀ ਰੌਂਅ 'ਚ ਕਾਂਗਰਸ, ਇਨ੍ਹਾਂ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਬਹੁਪੱਖੀ ਅਤੇ ਵਿਆਪਕ ਯੋਜਨਾ ਤਿਆਰ ਹੈ। ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਨੂੰ ਉਤਾਰਨ ਦੇ ਨਾਲ- ਨਾਲ ਖੇਤੀਬਾੜੀ ਦੇ ਵਿਕਾਸ, ਉਦਯੋਗਾਂ ਦੀ ਤਰੱਕੀ ਸਮੇਤ ਸਰਕਾਰੀ ਸਿੱਖਿਆ ਤੇ ਇਲਾਜ ਲਈ ਲੋਕਪੱਖੀ ਨੀਤੀਆਂ ਤਿਆਰ ਕਰ ਲਈਆਂ ਹਨ। ਜਿਵੇਂ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਨੂੰ ਬੰਦ ਕੀਤਾ ਅਤੇ ਅੱਜ ਦਿੱਲੀ ਦਾ ਖ਼ਜ਼ਾਨਾ 26 ਹਜ਼ਾਰ ਕਰੋੜ ਤੋਂ ਵੱਧ ਕੇ 69 ਹਜ਼ਾਰ ਕਰੋੜ ਦਾ ਹੋ ਗਿਆ ਹੈ, ਜਿਸ ਕਾਰਨ ਅੱਜ ਕੇਜਰੀਵਾਲ ਸਰਕਾਰ ਦਿਲ ਖੋਲ੍ਹ ਕੇ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ। ਇਸੇ ਨੀਅਤ ਅਤੇ ਨੀਤੀ ਨਾਲ ਪੰਜਾਬ ਅਤੇ ਪੰਜਾਬੀਆਂ ਦੀ ਕਾਇਆ ਕਲਪ ਕੀਤੀ ਜਾਵੇਗੀ।
ਨੋਟ : ਭਗਵੰਤ ਮਾਨ ਦੇ ਇਸ ਖਾਕੇ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ