ਦੂਜੇ ਸੂਬਿਆਂ ''ਚ ਫਸੇ ਪੰਜਾਬੀਆ ਲਈ ਭਗਵੰਤ ਮਾਨ ਨੇ ਕੈਪਟਨ ਤੇ ਮੋਦੀ ਨੂੰ ਕੀਤੀ ਅਪੀਲ

Friday, Apr 17, 2020 - 04:21 PM (IST)

ਦੂਜੇ ਸੂਬਿਆਂ ''ਚ ਫਸੇ ਪੰਜਾਬੀਆ ਲਈ ਭਗਵੰਤ ਮਾਨ ਨੇ ਕੈਪਟਨ ਤੇ ਮੋਦੀ ਨੂੰ ਕੀਤੀ ਅਪੀਲ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਦੁਹਰਾਈ ਹੈ ਕਿ ਲਾਕਡਾਊਨ ਕਾਰਨ ਦੂਸਰੇ ਸੂਬਿਆਂ 'ਚ ਫਸੇ ਹਜ਼ਾਰਾਂ ਪੰਜਾਬੀਆਂ ਨੂੰ ਪੰਜਾਬ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਭਗਵੰਤ ਮਾਨ ਨੇ ਕਿਹਾ ਕਿ ਲਾਕਡਾਊਨ ਨਾਲ ਦੂਜੇ ਸੂਬਿਆਂ 'ਚ ਪਨਾਹਗੀਰ ਬਣੇ ਪੰਜਾਬੀਆਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਲੈ ਕੇ ਹਰ ਰੋਜ਼ ਮੁਸ਼ਕਲਾਂ ਵਧ ਰਹੀਆਂ ਹਨ, ਉਥੇ ਉਨ੍ਹਾਂ ਪਰਿਵਾਰਾਂ ਦੀਆਂ ਪੱਕੀਆਂ ਫ਼ਸਲਾਂ ਰੁਲਣ ਲੱਗੀਆਂ ਹਨ।

ਬਿਆਨ ਰਾਹੀਂ ਭਗਵੰਤ ਮਾਨ ਕਿਹਾ ਕਿ ਮੈਨੂੰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਹਰ ਰੋਜ਼ ਸੈਂਕੜੇ ਫ਼ੋਨ ਅਤੇ ਸੰਦੇਸ਼ ਦੂਜੇ ਸੂਬਿਆਂ 'ਚ ਫਸੇ ਟਰੱਕ ਡਰਾਈਵਰਾਂ, ਕੰਬਾਈਨ ਚਾਲਕਾਂ ਅਤੇ ਮਾਲਕਾਂ, ਵਪਾਰੀਆਂ-ਕਾਰੋਬਾਰੀਆਂ ਰਿਸ਼ਤੇਦਾਰੀਆਂ ਅਤੇ ਧਾਰਮਿਕ ਸਥਾਨਾਂ 'ਤੇ ਗਏ ਪੰਜਾਬੀਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਮਦਦ ਲਈ ਕੀਤੇ ਜਾ ਰਹੇ ਹਨ। ਕੋਈ ਫ਼ੋਨ ਤਾਂ ਐਨੇ ਭਾਵੁਕ ਅਤੇ ਦਰਦ ਭਰੇ ਅਲਫਾਜਾਂ ਵਾਲੇ ਹੁੰਦੇ ਹਨ ਕਿ ਸੁਣਨ ਵਾਲਾ ਵੀ ਭਾਵੁਕ ਹੋ ਜਾਂਦਾ ਹੈ। ਜੇ ਸਾਡੀ ਭਾਰਤ ਸਰਕਾਰ ਦੂਜੇ ਮੁਲਕਾਂ 'ਚ ਵਿਸ਼ੇਸ਼ ਹਵਾਈ ਜਹਾਜ਼ ਭੇਜ ਕੇ ਆਪਣੇ ਨਾਗਰਿਕ ਭਾਰਤ ਲਿਆ ਸਕਦੀ ਹੈ ਅਤੇ ਅਮਰੀਕਾ ਸਮੇਤ ਕਈ ਹੋਰ ਮੁਲਕ ਦੂਜੇ ਦੇਸ਼ਾਂ 'ਚ ਵਿਸ਼ੇਸ਼ ਹਵਾਈ ਜਹਾਜ਼ਾਂ ਰਾਹੀਂ ਆਪਣੇ ਨਾਗਰਿਕਾਂ ਨੂੰ ਕੱਢ ਸਕਦੇ ਹਨ ਤਾਂ ਅਸੀਂ ਆਪਣੇ ਹੀ ਮੁਲਕ 'ਚ ਅਜਿਹਾ ਕਿਉਂ ਨਹੀਂ ਕਰ ਸਕਦੇ?

ਦੂਜੇ ਸੂਬਿਆਂ 'ਚ ਫਸੇ ਸ਼ਰਧਾਲੂਆਂ ਲਈ ਬੱਸਾਂ-ਵਹੀਕਲਾਂ ਦਾ ਪ੍ਰਬੰਧ ਕੀਤਾ ਜਾਵੇ
ਭਗਵੰਤ ਮਾਨ ਨੇ ਕਿਹਾ ਕਿ ਲਾਕਡਾਊਨ ਦੇ ਪਹਿਲੇ ਪੜਾਅ ਦੌਰਾਨ ਅਸੀਂ ਵੀ ਉਨ੍ਹਾਂ ਪੰਜਾਬੀਆਂ ਨੂੰ ਜਿੱਥੇ ਹਨ, ਉਥੇ ਹੀ ਸੁਰੱਖਿਅਤ ਤਰੀਕੇ ਨਾਲ ਟਿਕੇ ਰਹਿਣ ਦੀ ਸਲਾਹ ਅਤੇ ਹੌਸਲਾ ਦਿੰਦੇ ਹਾਂ ਪਰ ਲਾਕਡਾਊਨ ਦੂਸਰਾ ਪੜਾਅ ਬਿਨਾਂ ਨਾਗ਼ਾ ਲਾਗੂ ਹੋਣ ਨਾਲ ਦੂਜੇ ਸੂਬਿਆਂ 'ਚ ਫਸੇ ਪੰਜਾਬੀਆਂ ਦੀਆਂ ਸਮੱਸਿਆਵਾਂ ਵੀ ਵਧ ਗਈਆਂ ਹਨ ਅਤੇ ਬੇਚੈਨੀ ਵੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਕਾਫ਼ੀ ਲੋਕਾਂ ਨੂੰ ਸਿਹਤ ਦੀ ਸਮੱਸਿਆ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੇਲ ਮੰਤਰੀ ਨਾਲ ਗੱਲ ਕਰਕੇ ਟਰੱਕਾਂ-ਕੰਬਾਈਨਾਂ ਵਾਲਿਆਂ ਲਈ ਅੰਤਰਰਾਜੀ ਵਿਸ਼ੇਸ਼ ਪਾਸ ਅਤੇ ਹਜ਼ੂਰ ਸਾਹਿਬ ਸਮੇਤ ਹੋਰ ਥਾਵਾਂ 'ਤੇ ਫਸੇ ਸ਼ਰਧਾਲੂਆਂ ਲਈ ਸੈਨੀਟਾਈਜ਼ ਕੀਤੀਆਂ ਰੇਲਾਂ ਅਤੇ ਬੱਸਾਂ-ਵਹੀਕਲਾਂ ਦਾ ਉਚੇਚਾ ਪ੍ਰਬੰਧ ਕਰਨ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਕੋਲ ਨਿੱਜੀ ਗੱਡੀਆਂ ਹਨ, ਉਨ੍ਹਾਂ ਨੂੰ ਵਿਸ਼ੇਸ਼ ਪਾਸ ਜਾਰੀ ਕੀਤੇ ਜਾਣ। ਭਗਵੰਤ ਮਾਨ ਨੇ ਨਾਲ ਹੀ ਸੁਝਾਅ ਦਿੱਤਾ ਕਿ ਇਨ੍ਹਾਂ ਸਭ ਦਾ ਚੱਲਣ ਤੋਂ ਪਹਿਲਾਂ ਕੋਰੋਨਾਵਾਇਰਸ ਟੈਸਟ ਕਰ ਲਿਆ ਜਾਵੇ ਅਤੇ ਪੰਜਾਬ 'ਚ ਆਉਣ 'ਤੇ ਦੁਬਾਰਾ ਟੈਸਟ ਤੇ ਇਕਾਂਤਵਾਸ ਦੀ ਸ਼ਰਤ ਪੂਰੀ ਕਰਵਾ ਲਈ ਜਾਵੇ ਪਰ ਇਨ੍ਹਾਂ ਨੂੰ 3 ਮਈ ਤੱਕ ਲਾਗੂ ਰਹਿਣ ਵਾਲੇ ਲਾਕਡਾਊਨ ਤੱਕ ਦੂਜੇ ਸੂਬਿਆਂ ''ਚ ਫਸੇ ਨਾ ਰਹਿਣ ਦਿੱਤਾ ਜਾਵੇ।


author

Anuradha

Content Editor

Related News