ਹਰਸਿਮਰਤ ਦੀ ਵਜ਼ੀਰੀ ਲਈ ਮੋਦੀ-ਸ਼ਾਹ ਦੇ ਪੈਰੀਂ ਡਿੱਗੇ ਬਾਦਲ : ਭਗਵੰਤ ਮਾਨ

Friday, Jan 31, 2020 - 06:55 PM (IST)

ਹਰਸਿਮਰਤ ਦੀ ਵਜ਼ੀਰੀ ਲਈ ਮੋਦੀ-ਸ਼ਾਹ ਦੇ ਪੈਰੀਂ ਡਿੱਗੇ ਬਾਦਲ : ਭਗਵੰਤ ਮਾਨ

ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵੱਲੋਂ ਯੂ-ਟਰਨ ਲੈਂਦੇ ਹੋਏ ਭਾਜਪਾ ਨੂੰ ਹਿਮਾਇਤ ਕਰਨ ਸੰਬੰਧੀ ਤਾਜ਼ਾ ਐਲਾਨ ਬਾਰੇ ਸਖ਼ਤ ਟਿੱਪਣੀ ਕੀਤੀ ਹੈ। ਮਾਨ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਵਿਵਾਦਿਤ ਸੀ. ਏ. ਏ. ਦੇ ਮੁੱਦੇ 'ਤੇ ਦਿੱਲੀ 'ਚ ਭਾਜਪਾ ਨਾਲ ਮਿਲ ਕੇ ਚੋਣਾਂ ਨਾ ਲੜਨ ਦੀ ਘੁਰਕੀ ਮਾਰਨ ਵਾਲੇ ਬਾਦਲਾਂ ਦਾ ਇਸ ਤਰ੍ਹਾਂ ਭਾਜਪਾ ਖ਼ਾਸ ਕਰ ਕੇ ਮੋਦੀ-ਅਮਿਤ ਸ਼ਾਹ ਦੇ ਪੈਰਾਂ 'ਚ ਡਿੱਗਣਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਬਚਾਉਣ ਦੀ ਆਖ਼ਰੀ ਕੋਸ਼ਿਸ਼ ਹੈ ਪਰੰਤੂ ਬਾਦਲ ਪਰਿਵਾਰ ਦੀ ਇਸ ਨਿੱਜੀ ਲਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਿੱਟੀ 'ਚ ਰੋਲ ਦਿੱਤਾ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਗਰੀਸ ਸੋਨੀ ਦੇ ਹੱਕ ਵਿਚ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਕੀ ਭਾਜਪਾ ਨੇ ਸੀ. ਏ. ਏ. ਸੰਬੰਧੀ ਉਨ੍ਹਾਂ ਦੀ ਇਹ ਮੰਗ ਮੰਨ ਲਈ ਹੈ, ਜਿਸ ਕਾਰਨ ਅਕਾਲੀ ਦਲ ਨੇ ਪਿਛਲੇ ਹਫ਼ਤੇ ਦਿੱਲੀ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਲੜਨ ਤੋਂ ਇਨਕਾਰ ਕਰ ਦਿੱਤਾ ਸੀ? ਮਾਨ ਨੇ ਕਿਹਾ ਕਿ ਹਰਸਿਮਰਤ ਬਾਦਲ ਦੀ ਡਗਮਗਾ ਰਹੀ ਕੁਰਸੀ ਨੂੰ ਬਚਾਉਣ ਲਈ ਬਾਦਲ ਪਰਿਵਾਰ ਆਪਣੀ ਨੈਤਿਕਤਾ ਦੇ ਨਾਲ-ਨਾਲ ਪਾਰਟੀ ਦੇ ਸਿਧਾਂਤਾਂ ਨੂੰ ਵੀ ਛਿੱਕੇ ਟੰਗ ਰਿਹਾ ਹੈ। ਮਾਨ ਨੇ ਪੁੱਛਿਆ ਕਿ ਕੀ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਅਤੇ ਆਪਣੀ ਪਾਰਟੀ ਦੇ ਲੋਕਾਂ ਨੂੰ ਦੱਸ ਸਕਣਗੇ ਕਿ ਹਰਸਿਮਰਤ ਦੀ ਵਜ਼ੀਰੀ ਲਈ ਹੋਰ ਕਿੰਨੀ ਵਾਰ ਸਟੈਂਡ ਬਦਲਣਗੇ।

ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਹਿੱਤ ਗਹਿਣੇ ਧਰ ਕੇ ਬਾਦਲ ਪਰਿਵਾਰ ਨੇ ਆਪਣੀ ਨੂੰਹ ਰਾਣੀ ਨੂੰ ਮੰਤਰੀ ਦੀ ਕੁਰਸੀ 'ਤੇ ਬਿਠਾਇਆ, ਹੁਣ ਜਦ ਬਾਦਲਾਂ ਕੋਲੋਂ ਪੰਜਾਬ ਦੀ ਸੱਤਾ ਖੁੱਸ ਗਈ ਤਾਂ ਇਸ ਪਰਿਵਾਰ ਨੇ ਆਪਣੀ ਪਾਰਟੀ ਦਾ ਹੀ ਸੌਦਾ ਕਰ ਲਿਆ। ਭਗਵੰਤ ਮਾਨ ਨੇ ਕਿਹਾ ਕਿ ਬਾਦਲ-ਭਾਜਪਾ ਨਾਪਾਕ ਗੱਠਜੋੜ ਵੈਂਟੀਲੇਟਰ 'ਤੇ ਜਾ ਚੁੱਕਾ ਹੈ, ਬਸ ਹੁਣ ਰਸਮੀ ਐਲਾਨ ਬਾਕੀ ਹੈ, ਜੋ ਦਿੱਲੀ ਚੋਣਾਂ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦੀ ਛੁੱਟੀ ਨਾਲ ਹੋ ਜਾਵੇਗਾ। ਇਸ ਲਈ ਜੇਕਰ ਬਾਦਲ ਪਰਿਵਾਰ 'ਚ ਥੋੜੀ ਵੀ ਜ਼ਮੀਰ ਬਚੀ ਹੈ ਤਾਂ ਉਹ ਭਾਜਪਾ ਨਾਲੋਂ ਨਾਤਾ ਤੋੜ ਕੇ ਦਿੱਲੀ ਚੋਣਾਂ 'ਚ ਨਫ਼ਰਤ ਦੀ ਸਿਆਸਤ ਕਰ ਰਹੀ ਭਾਜਪਾ ਨੂੰ ਕਰਾਰੀ ਹਾਰ 'ਚ ਹਿੱਸਾ ਪਾਉਣ।


author

Gurminder Singh

Content Editor

Related News