ਬਾਦਲਾਂ ਨਾਲ ਮਿਲੀਭੁਗਤ ਨਾ ਹੁੰਦੀ ਤਾਂ ਮੰਤਰੀਆਂ ਨੂੰ ਮੂੰਹ ''ਤੇ ਜਵਾਬ ਦਿੰਦੇ ਕੈਪਟਨ : ਮਾਨ
Monday, Feb 18, 2019 - 07:19 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਕ ਵਾਰ ਫਿਰ ਕੈਪਟਨ-ਬਾਦਲਾਂ ਵਿਚਾਲੇ ਮਿਲੀਭੁਗਤ ਦੇ ਦੋਸ਼ ਲਗਾਏ ਹਨ। ਮਾਨ ਨੇ ਕਿਹਾ ਕਿ ਕੈਪਟਨ-ਬਾਦਲਾਂ ਦੀ ਮਿਲੀ ਭੁਗਤ ਦਾ ਖੁਲਾਸਾ ਸੋਮਵਾਰ ਨੂੰ ਵਿਧਾਨ ਸਭਾ ਵਿਚ ਹੋ ਗਿਆ ਹੈ। ਮਾਨ ਨੇ ਕਿਹਾ ਕਿ ਵਿਧਾਨ ਸਭਾ ਵਿਚ ਮੁੱਖ ਮੰਤਰੀ ਦੀ ਹਾਜ਼ਰੀ 'ਚ ਹੀ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਦੌਰਾਨ ਕੈਪਟਨ ਦੇ ਮੰਤਰੀਆਂ ਨਵਜੋਤ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਥੋਂ ਤੱਕ ਆਖ ਦਿੱਤਾ ਕਿ 'ਸਾਡੀ ਸਰਕਾਰ ਨਿਕੰਮੀ ਹੈ, ਇਸੇ ਕਰਕੇ ਬਿਕਰਮ ਮਜੀਠੀਆ ਵਰਗੇ ਲੀਡਰ ਸ਼ਰੇਆਮ ਘੁੰਮ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਜਗ੍ਹਾ ਸੱਚੇ ਹੁੰਦੇ ਤਾਂ ਉਨ੍ਹਾਂ ਦੇ ਮੰਤਰੀ ਸਰਕਾਰ ਨੂੰ ਨਕੰਮੀ ਨਾ ਆਖਦੇ ਅਤੇ ਕੈਪਟਨ ਉਨ੍ਹਾਂ ਦਾ ਜਵਾਬ ਜ਼ਰੂਰ ਦਿੱਤੇ। ਮਾਨ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਅੱਗੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਕਈ ਮੰਤਰੀਆਂ ਅਤੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਆਖ਼ਰਕਾਰ ਬਾਦਲ ਪਰਿਵਾਰ ਤੇ ਮਜੀਠੀਆ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇ ਕੈਪਟਨ ਬਾਦਲਾਂ ਨਾਲ ਮਿਲੇ ਨਾ ਹੁੰਦੇ ਤਾਂ ਕੈਪਟਨ ਚੁੱਪ ਚਾਪ ਬੈਠਣ ਦੀ ਬਜਾਏ ਮੰਤਰੀਆਂ ਤੇ ਵਿਧਾਇਕਾਂ ਨੂੰ ਠੋਕਵਾਂ ਜਵਾਬ ਦਿੰਦੇ।