ਭਾਜਪਾ ਦੇ ਪੱਲੇ ਸਿਰਫ਼ ਜੁਮਲੇ, ਅਸੀਂ ਕਰਦੇ ਹਾਂ ਅਸਲੀ ਕੰਮ : ਭਗਵੰਤ ਮਾਨ
Friday, Jan 31, 2025 - 12:43 PM (IST)
 
            
            ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ’ਚ ਤੁਗਲਕਾਬਾਦ ਅਤੇ ਗ੍ਰੇਟਰ ਕੈਲਾਸ਼ ’ਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਕਾਲਕਾਜੀ ਅਤੇ ਕਸਤੂਰਬਾ ਨਗਰ ’ਚ ਰੋਡ ਸ਼ੋਅ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਇਕ ਮਹੱਤਵਪੂਰਨ ਚੋਣ ਕਰਨੀ ਪਵੇਗੀ। ਇਕ ਪਾਸੇ ਟਕਰਾਅ ਅਤੇ ਨਫ਼ਰਤ ਨੂੰ ਉਤਸ਼ਾਹਤ ਕਰਨ ਵਾਲੀਆਂ ਪਾਰਟੀਆਂ ਹਨ, ਉਥੇ ਹੀ ਦੂਜੇ ਪਾਸੇ ‘ਆਪ’ ਹੈ, ਜੋ ਸਿੱਖਿਆ, ਸਿਹਤ ਅਤੇ ਰੁਜ਼ਗਾਰ ਨੂੰ ਉਤਸ਼ਾਹਤ ਕਰ ਰਹੀ ਹੈ। ਇਕ ਪੱਖ ਤੁਹਾਡੇ ਤੋਂ ਖੋਂਹਦਾ ਹੈ, ਅਸੀਂ ਤੁਹਾਨੂੰ ਵਾਪਸ ਦਿੰਦੇ ਹਾਂ। ਦਿੱਲੀ ਨੂੰ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਤੈਅ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਮੈਰਿਜ ਪੈਲੇਸ ਦੇ ਬਾਹਰ ਵਿਆਹ ਆਏ ਮੁੰਡੇ ਦੀ ਮੌਤ, ਮਚਿਆ ਚੀਕ-ਚਿਹਾੜਾ
ਉਨ੍ਹਾਂ ਕਿਹਾ ਕਿ 10 ਸਾਲਾਂ ਤੋਂ ਕੇਜਰੀਵਾਲ ਨੇ ਇਹ ਯਕੀਨੀ ਬਣਾਇਆ ਹੈ ਕਿ ਟੈਕਸਦਾਤਿਆਂ ਦੇ ਪੈਸੇ ਨਾਲ ਲੋਕਾਂ ਨੂੰ ਮੁਫ਼ਤ ਬਿਜਲੀ, ਸਾਫ਼ ਪਾਣੀ, ਚੰਗੇ ਸਕੂਲ, ਹਸਪਤਾਲ ਅਤੇ ਔਰਤਾਂ ਲਈ ਮੁਫ਼ਤ ਬੱਸ ਸੇਵਾਵਾਂ ਦਾ ਲਾਭ ਮਿਲੇ। ਇਹ ‘ਮੁਫ਼ਤ’ ਨਹੀਂ ਹੈ, ਇਹ ਸਹੀ ਸ਼ਾਸਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ‘ਆਪ’ ਦੀਆਂ ਗਾਰੰਟੀਆਂ ਨੂੰ ‘ਮੁਫ਼ਤ’ ਕਹਿ ਕੇ ਮਜ਼ਾਕ ਉਡਾਉਂਦੇ ਹਨ, ਫਿਰ ਵੀ ਜਦੋਂ ਅਰਵਿੰਦ ਕੇਜਰੀਵਾਲ ਔਰਤਾਂ ਲਈ 2,100 ਰੁਪਏ ਦਾ ਐਲਾਨ ਕਰਦੇ ਹਨ ਤਾਂ ਉਹ ਖ਼ੁਦ 2,500 ਰੁਪਏ ਦਾ ਵਾਅਦਾ ਕਰਦੇ ਹਨ। ਜਨਤਾ ਜਾਣਦੀ ਹੈ ਕਿ ਕਿਸ ’ਤੇ ਭਰੋਸਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਵਾਅਦਾ ਕਰਦੇ ਹਾਂ, ਉਸ ਨੂੰ ਪੂਰਾ ਕਰਦੇ ਹਾਂ, ਭਾਵੇਂ ਉਹ ਦਿੱਲੀ ’ਚ ਹੋਵੇ ਜਾਂ ਪੰਜਾਬ ’ਚ।
ਇਹ ਵੀ ਪੜ੍ਹੋ : ਪੰਜਾਬ 'ਚ ਤੜਕਸਾਰ ਵਾਪਰੀ ਵੱਡੀ ਘਟਨਾ, ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ
ਉਨ੍ਹਾਂ ਕਿਹਾ ਕਿ ਇਕ ਧਿਰ ਗਾਲ੍ਹਾਂ ਕੱਢਦੀ ਹੈ ਅਤੇ ਨਫ਼ਰਤ ਫੈਲਾਉਂਦੀ ਹੈ, ਦੂਜੀ ਲੋਕਾਂ ਲਈ ਕੰਮ ਕਰਨ ’ਚ ਵਿਸ਼ਵਾਸ ਰੱਖਦੀ ਹੈ। ਅਰਵਿੰਦ ਕੇਜਰੀਵਾਲ ਦੇ ਦ੍ਰਿਸ਼ਟੀਕੋਣ ਨੇ ਸ਼ਾਸਨ ਨੂੰ ਬਦਲ ਦਿੱਤਾ ਹੈ, ਟੈਕਸਦਾਤਿਆਂ ਦੇ ਪੈਸੇ ਨੂੰ ਠੋਸ ਲਾਭਾਂ ’ਚ ਬਦਲ ਦਿੱਤਾ ਹੈ। ਅਸੀਂ ਨਿੱਜੀ ਲਾਭ ਲਈ ਜਨਤਕ ਸੰਸਥਾਵਾਂ ਨੂੰ ਨਹੀਂ ਵੇਚਦੇ, ਅਸੀਂ ਉਨ੍ਹਾਂ ਨੂੰ ਮਜ਼ਬੂਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪੱਲੇ ਸਿਰਫ਼ ‘ਜੁਮਲੇ’ ਹਨ ਪਰ ਅਸੀਂ ਅਸਲ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਅਤੇ ਪੰਜਾਬ ਵਿਚ ਕਿਉਂ ਨਹੀਂ ਜਿੱਤ ਸਕਦੀ, ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿਉਂਕਿ ਕਮਲ ਸਿਰਫ਼ ਗੰਦਗੀ ’ਚ ਹੀ ਉੱਗਦਾ ਹੈ ਪਰ ਅਸੀਂ ਦਿੱਲੀ ਤੇ ਪੰਜਾਬ ’ਚ ਉਸ ਗੰਦਗੀ ਨੂੰ ‘ਝਾੜੂ’ ਨਾਲ ਸਾਫ਼ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਦਲੇਗਾ ਮੌਸਮ, 4 ਫਰਵਰੀ ਤੱਕ ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            