ਸਾਵਧਾਨ! ਹੁਣ ਇੰਝ ਆਨਲਾਈਨ ਠੱਗੀਆਂ ਕਰਨ ਲੱਗੇ ਨੌਸਰਬਾਜ਼, ਕਿਤੇ ਤੁਸੀਂ ਨਾ ਹੋ ਜਾਓ ਸ਼ਿਕਾਰ

Saturday, Feb 08, 2025 - 02:14 PM (IST)

ਸਾਵਧਾਨ! ਹੁਣ ਇੰਝ ਆਨਲਾਈਨ ਠੱਗੀਆਂ ਕਰਨ ਲੱਗੇ ਨੌਸਰਬਾਜ਼, ਕਿਤੇ ਤੁਸੀਂ ਨਾ ਹੋ ਜਾਓ ਸ਼ਿਕਾਰ

ਗੁਰਦਾਸਪੁਰ (ਹਰਮਨ)-ਪਿਛਲੇ ਸਮੇਂ ਦੌਰਾਨ ਲੋਕਾਂ ਨੂੰ ਆਨਲਾਈਨ ਠੱਗੀਆਂ ਦਾ ਸ਼ਿਕਾਰ ਬਣਾ ਕੇ ਲੁੱਟਣ ਵਾਲੇ ਨੌਸਰਬਾਜ਼ ਨਿੱਤ ਨਵੇਂ ਤਰੀਕੇ ਲੱਭ ਰਹੇ ਹਨ। ਇਨ੍ਹਾਂ ਨੌਸਰਬਾਜ਼ਾਂ ਨੇ ਹੁਣ ਲੋਕਾਂ ਨੂੰ ਫੋਨ ਕਰ ਕੇ ਡਰਾਵੇ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਜੇਕਰ ਉਨ੍ਹਾਂ ਵੱਲੋਂ ਦੱਸੀ ਜਾਣਕਾਰੀ ਮੁਤਾਬਕ ਤੁਰੰਤ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਦਾ ਨੰਬਰ ਬਲਾਕ ਕਰ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਪੰਜਾਬ ਪੁਲਸ ਦੇ ਸਾਈਬਰ ਸੈੱਲ ਵੱਲੋਂ ਲਗਾਤਾਰ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਉਹ ਅਜਿਹੇ ਨੌਸਰਬਾਜ਼ ਦੇ ਝਾਂਸੇ ’ਚ ਨਾ ਆਉਣ।

ਗੁਰਦਾਸਪੁਰ ਸ਼ਹਿਰ ਨਾਲ ਸਬੰਧਿਤ ਬਿਕਰਮਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਸਮੇਤ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ ਦੇ ਇਕ ਨੰਬਰ ਤੋਂ ਫੋਨ ਕਾਲ ਆਈ, ਜਿਸ ਦੌਰਾਨ ਪਹਿਲਾਂ ਕੰਪਿਊਟਰ ਦੀ ਆਵਾਜ਼ ’ਚ ਉਨ੍ਹਾਂ ਨੂੰ ਮੈਸੇਜ ਦਿੱਤਾ ਗਿਆ ਕਿ 2 ਘੰਟਿਆਂ ਦੇ ਅੰਦਰ ਉਨ੍ਹਾਂ ਦਾ ਫੋਨ ਨੰਬਰ ਬਲਾਕ ਕਰ ਦਿੱਤਾ ਜਾਵੇਗਾ। ਕੰਪਿਊਟਰ ਨੇ ਇਸ ਕਾਲ ਰਾਹੀਂ ਜਾਣਕਾਰੀ ਦਿੱਤੀ ਕਿ ਇਹ ਕਾਲ ਟਰਾਈ ਟੈਲੀਕਮ ਆਫ ਇੰਡੀਆ ਤੋਂ ਹੈ। ਜੇਕਰ ਉਹ ਇਸ ਸਬੰਧ ’ਚ ਗੱਲ ਕਰਨਾ ਚਾਹੁੰਦੇ ਹਨ ਤਾਂ ਇਕ ਨੰਬਰ ਦਬਾਉਣ, ਜਿਸ ’ਤੇ ਉਕਤ ਵਿਅਕਤੀਆਂ ਨੇ ਜਦੋਂ ਇਕ ਨੰਬਰ ਦਬਾਇਆ ਤਾਂ ਉਹ ਕਾਲ ਅੱਗੇ ਕਿਸੇ ਵਿਅਕਤੀ ਦੇ ਨਾਲ ਕੁਨੈਕਟ ਹੋ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਅੱਗਿਓਂ ਬੋਲਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਟਰਾਈ ਟੈਲੀਕਮ ਇੰਡੀਆ ਦੇ ਦਫਤਰ ਤੋਂ ਬੋਲ ਰਹੇ ਹਨ ਅਤੇ ਦੱਸਿਆ ਜਾਵੇ ਕਿ ਉਹ ਕੀ ਮਦਦ ਕਰ ਸਕਦੇ ਹਨ, ਜਿਸ ’ਤੇ ਹਰਪ੍ਰੀਤ ਅਤੇ ਬਿਕਰਮਜੀਤ ਨੇ ਕਿਹਾ ਕਿ ਇਕ ਕਾਲ ਤੁਹਾਡੇ ਵੱਲੋਂ ਹੀ ਆਈ ਹੈ। ਕੁਝ ਸੈਕਿੰਡ ਹੋਲਡ ਕਰਵਾਉਣ ਤੋਂ ਬਾਅਦ ਉਕਤ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੇ ਪੂਰਾ ਰਿਕਾਰਡ ਚੈੱਕ ਕਰ ਲਿਆ ਹੈ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਤੁਹਾਡੇ ਨਾਂ ’ਤੇ ਇਕ ਹੋਰ ਫੋਨ ਨੰਬਰ ਚੱਲ ਰਿਹਾ ਹੈ ਅਤੇ ਉਸ ਨੰਬਰ ਦੀ ਵਰਤੋਂ ਵੱਖ-ਵੱਖ ਲੋਕਾਂ ਨਾਲ ਠੱਗੀਆਂ ਮਾਰਨ ਲਈ ਕੀਤੀ ਜਾ ਰਹੀ ਹੈ, ਜਿਸ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਲਈ ਜੇਕਰ ਤੁਸੀਂ ਤੁਰੰਤ ਕਾਰਵਾਈ ਨਾ ਕੀਤੀ ਤਾਂ ਤੁਹਾਡਾ ਇਹ ਵਾਲਾ ਨੰਬਰ ਬਲਾਕ ਕਰ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਉਹ ਇਹ ਗੱਲ ਸੁਣ ਕੇ ਡਰ ਗਏ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੋਰ ਕੋਈ ਵੀ ਨੰਬਰ ਨਹੀਂ ਲਿਆ ਪਰ ਅੱਗੋਂ ਬੋਲਣ ਵਾਲੇ ਵਿਅਕਤੀ ਨੇ ਕਿਹਾ ਕਿ ਮੁੰਬਈ ’ਚੋਂ ਉਨ੍ਹਾਂ ਦੇ ਨਾਂ ’ਤੇ ਇਕ ਨੰਬਰ ਖਰੀਦਿਆ ਗਿਆ ਹੈ, ਜਿਸ ਲਈ ਉਨ੍ਹਾਂ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਵਰਤਿਆ ਗਿਆ ਹੈ। ਉਕਤ ਵਿਅਕਤੀ ਨੇ ਕਿਹਾ ਕਿ ਜੇਕਰ ਉਹ 2 ਘੰਟਿਆਂ ਦੇ ਅੰਦਰ ਐੱਫ. ਆਈ. ਆਰ. ਦਰਜ ਨਹੀਂ ਕਰਵਾਉਣਗੇ ਤਾਂ ਉਨ੍ਹਾਂ ਦਾ ਇਹ ਨੰਬਰ ਬੰਦ ਕਰ ਦਿੱਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਬੱਸਾਂ ਦੇ ਰੂਟ ਹੋਏ ਬੰਦ, ਮੈਰਿਜ ਪੈਲੇਸ ਵਾਲਿਆਂ ਨੂੰ ਮੋੜਨੀਆਂ ਪੈ ਰਹੀਆਂ ਸਾਈਆਂ

ਇਸ ਲਈ ਉਸ ਨੇ ਕਿਹਾ ਕਿ ਤੁਰੰਤ ਮੁੰਬਈ ਆ ਕੇ ਆਪਣੀ ਐੱਫ. ਆਈ. ਆਰ. ਦਰਜ ਕਰਵਾਓ। ਜਦੋਂ ਬਿਕਰਮਜੀਤ ਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਤੁਰੰਤ ਮੁੰਬਈ ਕਿਵੇਂ ਆ ਸਕਦੇ ਹਨ ਤਾਂ ਉਕਤ ਵਿਅਕਤੀ ਨੇ ਕਿਹਾ ਕਿ ਉਹ ਜੇਕਰ ਮਦਦ ਚਾਹੁੰਦੇ ਹਨ ਤਾਂ ਆਨਲਾਈਨ ਐੱਫ. ਆਈ. ਆਰ. ਦਰਜ ਕਰਵਾ ਦੇਣਗੇ, ਜਿਸ ਲਈ ਉਨ੍ਹਾਂ ਦੀ ਕਾਲ ਅੱਗੇ ਫਾਰਵਰਡ ਕੀਤੀ ਜਾਵੇਗੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਹਿਮਤੀ ਦਿੱਤੀ ਤਾਂ ਉਨ੍ਹਾਂ ਨੇ ਅੱਗੇ ਕਾਲ ਟਰਾਂਸਫਰ ਕਰਨ ਲਈ ਕਿਹਾ ਅਤੇ ਅੱਗੋਂ ਬੋਲਣ ਵਾਲੇ ਵਿਅਕਤੀ ਨੇ ਉਨ੍ਹਾਂ ਕੋਲੋਂ ਨਿੱਜੀ ਜਾਣਕਾਰੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫੋਨ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਹੋਰ ਜਾਣਕਾਰੀਆਂ ਵੀ ਮੰਗੀਆਂ।

ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਅਜਿਹੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਧਮਕੀ ਦਿੱਤੀ ਕਿ ਹੁਣ ਕੁਝ ਹੀ ਦੇਰ ’ਚ ਉਨ੍ਹਾਂ ਦੇ ਨੰਬਰ ਬਲਾਕ ਹੋ ਜਾਣਗੇ। ਇਸ ਤੋਂ ਬਾਅਦ ਹੁਣ ਜਦੋਂ ਆਪਣੇ ਜਾਣਕਾਰ ਪੁਲਸ ਅਧਿਕਾਰੀਆਂ ਕੋਲੋਂ ਇਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕਾਲ ਪੂਰੀ ਤਰ੍ਹਾਂ ਝੂਠੀ ਸੀ, ਜੋ ਨੌਸਰਬਾਜ਼ਾਂ ਨੇ ਠੱਗੀ ਮਾਰਨ ਲਈ ਕੀਤੀ ਸੀ ਪਰ ਆਪਣੀ ਸਿਆਣਪ ਨਾਲ ਉਹ ਠੱਗੀ ਤੋਂ ਬਚ ਗਏ।

ਇਹ ਵੀ ਪੜ੍ਹੋ- ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਕੀ ਕਹਿਣੈ ਐੱਸ. ਐੱਸ. ਪੀ. ਗੁਰਦਾਸਪੁਰ ਦਾ

ਇਸ ਸਬੰਧ ’ਚ ਐੱਸ. ਐੱਸ. ਪੀ. ਹਰੀਸ਼ ਦਯਾਮਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਅਕਸਰ ਲੋਕਾਂ ਨੂੰ ਵੱਖ-ਵੱਖ ਆਨਲਾਈਨ ਠੱਗੀਆਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਬੈਂਕ ਜਾਂ ਹੋਰ ਕੰਪਨੀ ਕਿਸੇ ਵੀ ਵਿਅਕਤੀ ਕੋਲੋਂ ਉਸ ਦੀ ਨਿੱਜੀ ਜਾਣਕਾਰੀ, ਓ. ਟੀ. ਪੀ. ਜਾਂ ਕੋਈ ਪਾਸਵਰਡ ਦੀ ਮੰਗ ਨਹੀਂ ਕਰਦੀ। ਇਸ ਲਈ ਲੋਕਾਂ ਨੂੰ ਕਦੇ ਵੀ ਆਪਣੀ ਅਜਿਹੀ ਨਿੱਜੀ ਅਤੇ ਜ਼ਰੂਰੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਕੋਈ ਅਜਿਹੀ ਸੂਚਨਾ ਦੀ ਮੰਗ ਕਰਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨਾਲ ਕਿਸੇ ਤਰ੍ਹਾਂ ਦੀ ਕੋਈ ਆਨਲਾਈਨ ਠੱਗੀ ਹੋ ਜਾਂਦੀ ਹੈ ਤਾਂ ਤੁਰੰਤ 1930 ਹੈਲਪਲਾਈਨ ’ਤੇ ਪੁਲਸ ਨੂੰ ਸੂਚਿਤ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News