ਬੈਨ ਦੇ ਬਾਵਜੂਦ ਦੇਸੀ ਜੁਗਾੜ ਨਾਲ ਚੱਲ ਰਿਹੈ 'ਟਿਕ ਟਾਕ', ਪੰਜਾਬੀ ਨੌਜਵਾਨਾਂ ਕੀਤੀ ਇਹ ਮੰਗ

07/05/2020 9:47:48 PM

ਬੱਸੀ ਪਠਾਣਾਂ, (ਰਾਜਕਮਲ)- ਚੀਨ ਨਾਲ ਪਿਛਲੇ ਕਈ ਦਿਨਾਂ ਤੋਂ ਭਾਰਤ ਨਾਲ ਚੱਲ ਰਹੇ ਖਰਾਬ ਸਬੰਧਾਂ ਕਾਰਣ ਮੋਦੀ ਸਰਕਾਰ ਵਲੋਂ ਚਾਈਨੀਜ਼ ਐਪ ‘ਟਿਕ ਟਾਕ’ ਸਮੇਤ 59 ਐਪਸ ’ਤੇ ਪਾਬੰਦੀ ਲਾ ਦਿੱਤੀ ਗਈ, ਜਿਸ ਤੋਂ ਬਾਅਦ ਟਿਕ ਟਾਕ ਦੇ ਯੂਜ਼ਰਾਂ ਦਾ ਮਨ ਟੁੱਟ ਗਿਆ ਤੇ ਕਈ ਯੂਜ਼ਰਾਂ ਦੀ ਰੋਂਦਿਆਂ ਦੀਆਂ ਪੋਸਟਾਂ ਵੀ ਦੇਖਣ ਨੂੰ ਮਿਲੀਆਂ ਅਤੇ ਕਈ ਯੂਜ਼ਰਾਂ ਵਲੋਂ ਕੇਂਦਰ ਸਰਕਾਰ ਤੋਂ ਟਿਕ ਟਾਕ ’ਤੇ ਬੈਨ ਨਾ ਲਾਉਣ ਦੀ ਫ਼ਰਿਆਦ ਵੀ ਕੀਤੀ ਗਈ ਪਰ ਭਾਰਤ ਦੇ ਜੁਗਾੜੂ ਤਕਨੀਕ ਤੋਂ ਹਰ ਦੇਸ਼ ਦੇ ਲੋਕ ਵਾਕਿਫ਼ ਹਨ ਤੇ ਇਸੇ ਤਕਨੀਕ ਦਾ ਸਹਾਰਾ ਲੈਂਦੇ ਹੋਏ ਬੱਸੀ ਪਠਾਣਾਂ ਦੇ ਕੁਝ ਨੌਜਵਾਨਾਂ ਨੇ ਬੰਦ ਪਏ ਟਿਕ ਟਾਕ ਨੂੰ ਮੁੜ ਤੋਂ ਚਾਲੂ ਕਰ ਲਿਆ ਹੈ ਅਤੇ ਹੁਣ ਉਹ ਫਿਰ ਤੋਂ ਟਿਕ ਟਾਕ ਦੀਆਂ ਵੀਡੀਓਜ਼ ਦਾ ਲੁਤਫ਼ ਉਠਾ ਰਹੇ ਹਨ।

ਬੱਸੀ ਪਠਾਣਾਂ ਦੇ ਕੁਝ ਨੌਜਵਾਨਾਂ ਨੇ ਆਪਣਾ ਨਾਂ ਨਾ ਛਾਪੇ ਜਾਣ ਦੀ ਸੂਰਤ ’ਚ ਜਗ ਬਾਣੀ ਦਫ਼ਤਰ ’ਚ ਦੱਸਿਆ ਕਿ ਜਿਨ੍ਹਾਂ ਯੂਜ਼ਰਾਂ ਨੇ ਟਿਕ ਟਾਕ ਅਨਇੰਸਟਾਲ ਜਾਂ ਡਿਲੀਟ ਕਰ ਦਿੱਤਾ ਹੈ ਉਨ੍ਹਾਂ ਦੇ ਮੋਬਾਇਲ ’ਚ ਇਹ ਨਹੀਂ ਚੱਲੇਗੀ, ਪਰ ਜਿਨ੍ਹਾਂ ਨੇ ਅਜੇ ਤੱਕ ਟਿਕ ਟਾਕ ਐਪ ਡਿਲੀਟ ਨਹੀਂ ਕੀਤਾ ਹੈ ਉਨ੍ਹਾਂ ਦਾ ਇਹ ਐਪ ਦੁਬਾਰਾ ਚੱਲ ਸਕਦਾ ਹੈ, ਜਿਸ ਲਈ ਕੁਝ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ, ਜਿਸ ਤੋਂ ਬਾਅਦ ਇਹ ਐਪ ਫ਼ਿਰ ਤੋਂ ਸ਼ੁਰੂ ਹੋ ਜਾਵੇਗਾ। ਇੰਨਾ ਹੀ ਨਹੀਂ ਇਸ ’ਚ ਨਵੀ ਵੀਡੀਓਜ਼ ਵੀ ਅਪਲੋਡ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਐਪ ਸ਼ੁਰੂ ਕਰਨ ਦੀ ਪ੍ਰਕਿਰਿਆ ਇਸ ਲਈ ਪੂਰੀ ਤਰ੍ਹਾਂ ਨਹੀਂ ਦੱਸ ਸਕਦੇ ਕਿਉਂਕਿ ਸਰਕਾਰ ਵਲੋਂ ਇਸ ’ਤੇ ਪਾਬੰਦੀ ਲਾਈ ਗਈ ਹੈ ਤੇ ਪ੍ਰਕਿਰਿਆ ਬਾਰੇ ਪਤਾ ਲੱਗਣ ’ਤੇ ਹਰ ਕੋਈ ਇਸ ਐਪ ਦੀ ਵਰਤੋਂ ਫਿਰ ਤੋਂ ਕਰਨ ਲੱਗ ਪਵੇਗਾ, ਜੋ ਕਿ ਦੇਸ਼ ਦੇ ਹਿੱਤ ’ਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਤਾਂ ਇਕ ਤਰ੍ਹਾਂ ਐਪ ਨਾਲ ਪੰਗਾ ਲੈਂਦੇ ਹੋਏ ਜੁਗਾੜ ਕਰ ਕੇ ਇਸ ਨੂੰ ਚਲਾ ਲਿਆ ਗਿਆ ਪਰ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਐਪ ਨੂੰ ਅਜਿਹੇ ਤਰੀਕੇ ਨਾਲ ਬੰਦ ਕੀਤਾ ਜਾਵੇ ਤਾਂ ਜੋ ਇਸ ਨੂੰ ਸ਼ੁਰੂ ਕਰਨ ’ਚ ਕੋਈ ਵੀ ਜੁਗਾੜ ਕੰਮ ਨਾ ਕਰ ਸਕੇ ਤੇ ਲੋਕ ਦੇਸ਼ ਹਿੱਤ ’ਚ ਇਕਜੁੱਟ ਹੋ ਸਕਣ।


Bharat Thapa

Content Editor

Related News