ਮਨਪ੍ਰੀਤ ਬਾਦਲ ਤੋਂ ਪਹਿਲਾਂ ਕੈਪਟਨ ਅਸਤੀਫਾ ਦੇਵੇ : ਹਰਸਿਮਰਤ

05/26/2019 11:21:59 AM

ਬਠਿੰਡਾ (ਬਲਵਿੰਦਰ) : 'ਇਹ ਮੇਰੀ ਜਿੱਤ ਨਹੀਂ, ਸਗੋਂ ਵਰਕਰਾਂ ਦੀ ਜਿੱਤ ਹੈ, ਜਿਨ੍ਹਾਂ ਨੇ ਕਾਂਗਰਸ ਦੀ ਧੱਕੇਸ਼ਾਹੀ ਅੱਗੇ ਵੀ ਸਿਰ ਨਹੀਂ ਝੁਕਾਇਆ, ਸਗੋਂ ਪਾਰਟੀ ਨਾਲ ਖੜ੍ਹੇ ਰਹੇ। ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਜੇਕਰ ਹਰਸਿਮਰਤ ਜਿੱਤੀ ਤਾਂ ਉਸਦੀ ਸਿਆਸੀ ਮੌਤ ਹੋਵੇਗੀ, ਮੈਂ ਤਾਂ ਇਹੀ ਕਹਾਂਗੀ ਕਿ ਮਨਪ੍ਰੀਤ ਬਾਦਲ ਨੂੰ ਤਾਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਪਰ ਉਸ ਤੋਂ ਪਹਿਲਾਂ ਮਿਸ਼ਨ 13 ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ ਅਹੁਦਾ ਛੱਡਣਾ ਚਾਹੀਦਾ ਹੈ, ਜਿਸਨੇ ਘਟੀਆ ਕਿਸਮ ਦੀ ਰਾਜਨੀਤੀ ਕੀਤੀ ਪਰ ਲੋਕਾਂ ਨੇ ਕਾਂਗਰਸ ਦੇ ਮੂੰਹ 'ਤੇ ਚਪੇੜ ਮਾਰੀ।' ਇਹ ਪ੍ਰਗਟਾਵਾ ਵਿਸ਼ੇਸ਼ ਗੱਲਬਾਤ ਦੌਰਾਨ ਐੱਮ. ਪੀ. ਹਰਸਿਮਰਤ ਕੌਰ ਬਾਦਲ ਨੇ ਕੀਤਾ।

ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸ ਤੇ 'ਆਪ' ਨੇ ਮਿਲ ਕੇ ਹੋਰ ਧਿਰਾਂ ਰਾਹੀਂ ਬੇਅਦਬੀ ਮਾਮਲਿਆਂ 'ਚ ਬਾਦਲ ਪਰਿਵਾਰ ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਬਾਰੇ ਲੋਕ ਵੀ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਨੂੰ ਵੀ ਬਹੁਤ ਦੁੱਖ ਹੈ ਕਿ ਪੰਜਾਬ 'ਚ ਬੇਅਦਬੀਆਂ ਹੋਈਆਂ ਜਾਂ ਹੋ ਰਹੀਆਂ ਹਨ ਪਰ ਇਹ ਦੋਸ਼ ਅਕਾਲੀ ਦਲ 'ਤੇ ਲਾਏ ਜਾ ਰਹੇ ਹਨ, ਜੋ ਕਿ ਗਲਤ ਹੈ। ਇਨ੍ਹਾਂ ਦੋਸ਼ਾਂ ਤੋਂ ਦੁਖੀ ਹੋ ਕੇ ਹੀ ਪਾਰਟੀ ਪ੍ਰਧਾਨ ਤੇ ਐੱਮ. ਪੀ. ਸੁਖਬੀਰ ਬਾਦਲ ਦੇ ਦਿਲੋਂ ਆਹ ਨਿਕਲੀ ਸੀ ਕਿ ਜਿਸ ਨੇ ਵੀ ਬੇਅਦਬੀ ਕੀਤੀ, ਕਰਵਾਈ ਜਾਂ ਫਿਰ ਜਿਹੜਾ ਕੋਈ ਝੂਠੇ ਦੋਸ਼ ਅਕਾਲੀ ਦਲ ਜਾਂ ਬਾਦਲ ਪਰਿਵਾਰ 'ਤੇ ਲਾ ਰਿਹਾ ਹੈ, ਉਨ੍ਹਾਂ ਦਾ ਕੱਖ ਨਾ ਰਹੇ। ਇਹ ਗੱਲ ਵਾਹਿਗੁਰੂ ਦੀ ਕਚਹਿਰੀ ਵਿਚ ਸੁਣੀ ਗਈ, ਜਿਸਦਾ ਨਤੀਜਾ ਵੀ ਲੋਕ ਸਭਾ ਚੋਣਾਂ ਵਿਚ ਹੀ ਆ ਗਿਆ ਅਤੇ ਅਗਾਂਹ ਵੀ ਆਵੇਗਾ। ਜਿਥੇ ਕਾਂਗਰਸ ਨੂੰ ਵੀ ਮੂੰਹ ਦੀ ਖਾਣੀ ਪਈ, ਉਥੇ 'ਆਪ' ਦੇ ਪੱਲੇ ਵੀ ਕੁਝ ਨਹੀਂ ਆਇਆ।

ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਪੰਜਾਬ 'ਚ ਉਹ 13 'ਚੋਂ 9 ਸੀਟਾਂ 'ਤੇ ਹਾਰੇ ਹਨ ਪਰ ਇਹ ਵੀ ਸੱਚ ਹੈ ਕਿ ਅਕਾਲੀ-ਭਾਜਪਾ ਨੂੰ 35-36 ਵਿਧਾਨ ਸਭਾ ਹਲਕਿਆਂ 'ਚ ਜਿੱਤ ਪ੍ਰਾਪਤ ਹੋਈ ਹੈ, ਜੋ ਕਿ ਥੋੜ੍ਹੇ ਸਮੇਂ 'ਚ ਅਕਾਲੀ ਦਲ ਲਈ ਸ਼ੁੱਭ ਸੰਕੇਤ ਹੈ। ਕੈਪਟਨ ਸਰਕਾਰ ਨੇ ਕੇਂਦਰ ਦੀਆਂ ਅਨੇਕਾਂ ਸਕੀਮਾਂ ਨੂੰ ਪੰਜਾਬ 'ਚ ਸ਼ੁਰੂ ਨਹੀਂ ਹੋਣ ਦਿੱਤਾ ਜਾਂ ਫਿਰ ਚੱਲ ਰਹੀਆਂ ਸਕੀਮਾਂ ਨੂੰ ਰੋਕ ਦਿੱਤਾ। ਜਿਨ੍ਹਾਂ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਸੀ। ਏਮਜ਼ ਅਤੇ ਹੋਰ ਪ੍ਰਾਜੈਕਟਾਂ ਦੀ ਦੇਰੀ ਦਾ ਕਾਰਣ ਵੀ ਇਹੀ ਹੈ ਕਿ ਸਿਆਸੀ ਵਿਰੋਧਤਾ ਕਰ ਕੇ ਕਾਂਗਰਸ ਲੋਕਾਂ ਦਾ ਨੁਕਸਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਕਹਿੰਦਾ ਸੀ ਕਿ ਹਰਸਿਮਰਤ ਜਿੱਤੀ ਤਾਂ ਉਸਦੀ ਸਿਆਸੀ ਮੌਤ ਹੋਵੇਗੀ ਪਰ ਉਹ ਹੁਣ ਕੁਝ ਬੋਲਿਆ ਕਿਉਂ ਨਹੀਂ ਕਿ ਹਰਸਿਮਰਤ ਬਾਦਲ ਦੀ ਵੋਟ ਉਥੋਂ ਵੀ ਵਧ ਗਈ, ਜਿਥੋਂ ਉਹ ਖੁਦ ਵਿੱਤ ਮੰਤਰੀ ਹੈ। ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵੱਲੋਂ ਹਾਰ ਦੀ ਜ਼ਿੰਮੇਵਾਰੀ ਲੈਣ ਦੀ ਗੱਲ 'ਤੇ ਕਿਹਾ ਗਿਆ ਕਿ ਇਹ ਤਾਂ ਹਾਸੋਹੀਣਾ ਹੈ ਕਿ ਉਹ ਜੈਜੀਤ ਜੌਹਲ ਲੀਡਰ ਬਣੀ ਜਾਂਦੈ, ਜੋ ਨਾ ਤਿੰਨ 'ਚ ਨਾ ਤੇਰਾਂ ਵਿਚ ਹੈ।

ਕੇਂਦਰ 'ਚ ਮੰਤਰੀ ਬਣਨ ਬਾਰੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਐੱਨ. ਡੀ. ਏ. ਦਾ ਹੈ ਕਿ ਕਿਸ ਐੱਮ. ਪੀ. ਨੂੰ ਮੰਤਰੀ ਬਣਾਉਣਾ ਹੈ ਤੇ ਕਿਸ ਨੂੰ ਨਹੀਂ। ਉਹ ਆਪਣੇ ਹਲਕੇ 'ਚ ਸਿਰਫ ਵਿਕਾਸ ਨੂੰ ਤਰਜੀਹ ਦਿੰਦੀ ਹੈ ਤੇ ਅਗਾਂਹ ਵੀ ਇਹੀ ਕਰੇਗੀ।


cherry

Content Editor

Related News