ਸਾਬਕਾ ਸਰਪੰਚ ਦੇ ਮੁੰਡੇ ਨੇ ਮਹਿਲਾ ਵਕੀਲ ਨੂੰ ਮਾਰਿਆ ਥੱਪੜ, ਮਾਮਲਾ ਭਖਿਆ

Monday, Aug 26, 2019 - 12:45 PM (IST)

ਬਠਿੰਡਾ (ਬਲਵਿੰਦਰ) : ਬੀਤੀ ਰਾਤ ਰਿਹਾਇਸ਼ੀ ਕਾਲੌਨੀ ਸਨਸਿਟੀ ਐਨਕਲੇਵ ਵਿਖੇ ਪਿੰਡ ਨਰੂਆਣਾ ਦੇ ਸਾਬਕਾ ਸਰਪੰਚ ਦੇ ਮੁੰਡੇ ਵੱਲੋਂ ਇਕ ਮਹਿਲਾ ਵਕੀਲ ਨੂੰ ਥੱਪੜ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁੰਡੇ ਦਾ ਦੋਸ਼ ਹੈ ਕਿ ਵਕੀਲ ਨੇ ਉਸਦੀ ਕੁੱਟਮਾਰ ਲਈ ਬਾਹਰੋਂ ਗੁੰਡੇ ਬੁਲਾਏ ਸਨ। ਪੁਲਸ ਨੇ ਦੋਵੇਂ ਧਿਰਾਂ ਦੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਕੀ ਕਹਿਣਾ ਹੈ ਕਿ ਮਹਿਲਾ ਵਕੀਲ ਦਾ :
ਮਹਿਲਾ ਵਕੀਲ ਸ਼ਮਾ ਰਾਣੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਰਾਤ ਸਮੇਂ ਕਾਲੌਨੀ 'ਚ ਆਪਣੇ ਕੁੱਤੇ ਨੂੰ ਘੁਮਾ ਰਹੀ ਸੀ। ਇਸੇ ਦੌਰਾਨ ਬਲਜੀਤ ਸਿੰਘ ਨੇ ਮੋਬਾਇਲ ਨਾਲ ਉਸਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਆਪਣੀ ਹੱਦ ਲੰਘ ਕੇ ਬਿਲਕੁੱਲ ਉਸਨੂੰ ਨੇੜੇ ਆ ਗਿਆ ਤਾਂ ਉਸਨੇ ਹੱਥ ਮਾਰ ਕੇ ਉਕਤ ਦਾ ਮੋਬਾਇਲ ਸੁੱਟ ਦਿੱਤਾ, ਜਿਸ 'ਤੇ ਉਕਤ ਨੇ ਉਸ ਨੂੰ ਥੱਪੜ ਮਾਰ ਦਿੱਤਾ ਤੇ ਗਾਲ੍ਹਾਂ ਕੱਢਣ ਲੱਗਾ। ਉਸ ਨੇ ਰੌਲਾ ਪਾਇਆ ਤਾਂ ਆਸਪਾਸ ਦੇ ਲੋਕ ਵੀ ਇਕੱਤਰ ਹੋ ਗਏ। ਜੇਕਰ ਉਹ ਰੌਲਾ ਨਾ ਪਾਉਂਦੀ ਤਾਂ ਉਹ ਉਸ ਨਾਲ ਹੋਰ ਵੀ ਬੁਰਾ ਵਰਤਾਓ ਕਰਦਾ। ਵਕੀਲ ਨੇ ਕਿਹਾ ਕਿ ਉਕਤ ਨੇ ਸ਼ਰਾਬ ਪੀਤੀ ਹੋਈ ਸੀ।

ਪੁਲਸ ਕਾਰਵਾਈ :
ਥਾਣਾ ਕੈਨਾਲ ਦੇ ਮੁਖੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਘਟਨਾ ਬਾਰੇ ਪਤਾ ਲੱਗਣ 'ਤੇ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ। ਮਹਿਲਾ ਵਕੀਲ ਦੀ ਸ਼ਿਕਾਇਤ 'ਤੇ ਬਲਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜਦੋਂ ਕਿ ਬਲਜੀਤ ਸਿੰਘ ਦੀ ਸ਼ਿਕਾਇਤ ਸੀ ਕਿ ਵਕੀਲ ਦਾ ਕੁੱਤਾ ਉਸਦੇ ਘਰ ਅੱਗੇ ਪੌਟੀ ਕਰ ਜਾਂਦਾ ਹੈ। ਰਾਤ ਵੀ ਇਸੇ ਤਰ੍ਹਾਂ ਹੋਇਆ, ਜਿਸ ਦੀ ਉਹ ਵੀਡੀਓ ਬਣਾ ਰਿਹਾ ਸੀ ਪਰ ਵਕੀਲ ਨੇ ਗਲਤੀ ਮੰਨਣ ਦੀ ਬਜਾਏ ਉਸਦੀ ਕੁੱਟਮਾਰ ਲਈ ਸ਼ਹਿਰ 'ਚੋਂ ਗੁੰਡਾ ਅਨਸਰ ਬੁਲਾ ਲਏ। ਇਸ ਲਈ ਪੁਲਸ ਨੇ ਮਹਿਲਾ ਵਕੀਲ ਦੀ ਹਮਾਇਤ ਕਰ ਰਹੇ ਕੁਝ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲੈ ਲਿਆ। 

ਇਹ ਵੀ ਸੱਚ ਹੈ :
ਯਾਦ ਰਹੇ ਕਿ ਕੁਝ ਦਿਨ ਪਹਿਲਾਂ ਇਕ ਟ੍ਰੈਫਿਕ ਹੌਲਦਾਰ ਤੇ ਵਕੀਲ ਵਿਚ ਵੀ ਝੜਪ ਹੋ ਗਈ ਸੀ, ਜਿਸਦੇ ਚਲਦਿਆਂ ਪੁਲਸ ਨੇ ਵਕੀਲ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਸੀ, ਪਰ ਹੌਲਦਾਰ ਵਿਰੁੱਧ ਕੋਈ ਕਾਰਵਾਈ ਨਹੀਂ ਸੀ ਹੋਈ। ਉਸ ਤੋਂ ਬਾਅਦ ਵਕੀਲ ਲਗਾਤਾਰ ਸੰਘਰਸ਼ ਕਰ ਰਹੇ ਹਨ। ਹੁਣ ਇਸ ਮਾਮਲੇ ਨੂੰ ਵੀ ਵਕੀਲਾਂ ਵਲੋਂ ਪੁਲਸ ਦੀ ਧੱਕੇਸ਼ਾਹੀ ਕਰਾਰ ਦਿੱਤਾ ਜਾ ਰਿਹਾ ਹੈ। ਮੌਕੇ 'ਤੇ ਗਏ ਵਕੀਲਾਂ ਦਾ ਕਹਿਣਾ ਹੈ ਕਿ ਉਕਤ ਵਕੀਲ ਕੁਆਰੀ ਲੜਕੀ ਹੈ, ਜੋ ਆਪਣੇ ਬਜੁਰਗ ਮਾਪਿਆਂ ਨਾਲ ਕਾਲੌਨੀ ਵਿਚ ਰਹਿ ਰਹੀ ਹੈ। ਇਹ ਹਾਦਸਾ ਹੋਇਆ ਤਾਂ ਉਸਨੇ ਆਪਣੇ ਰਿਸ਼ਤੇਦਾਰਾਂ ਤੇ ਸਾਥੀ ਵਕੀਲਾਂ ਨੂੰ ਫੋਨ ਕਰ ਦਿੱਤਾ। ਉਸਦੀ ਹਮਾਇਤ 'ਤੇ ਪਹੁੰਚੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਨੂੰ ਹੀ ਪੁਲਸ ਨੇ ਗੁੰਡੇ ਕਹਿ ਕੇ ਗ੍ਰਿਫ਼ਤਾਰ ਕਰ ਲਿਆ। ਜੋ ਕਿ ਸਰਾਸਰ ਧੱਕਾ ਹੈ, ਕਿਉਂਕਿ ਵਕੀਲ ਦੇ ਹਮਾਇਤੀਆਂ 'ਚ ਇਕ ਡਾਕਟਰ ਵੀ ਸੀ, ਜੋ ਗੁੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਯੋਗ ਕਾਰਵਾਈ ਨਾ ਕੀਤੀ ਤਾਂ ਵਕੀਲ ਬਰਦਾਸ਼ਤ ਨਹੀਂ ਕਰਨਗੇ।


cherry

Content Editor

Related News