350 ਸਾਲ ਪੁਰਾਣਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਮੁੜ ਕੀਤਾ ਜਾ ਰਿਹੈ ਸੁਰਜੀਤ

11/18/2019 2:03:40 PM

ਬਟਾਲਾ (ਗੁਰਪ੍ਰੀਤ ਸਿੰਘ ਚਾਵਲਾ) : 350 ਸਾਲ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਰਜੀਤ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਸੇਵਾ ਬਟਾਲਾ ਦੀ ਗਰੀਬ ਨਿਵਾਜ਼ ਸੰਸਥਾ ਵਲੋਂ ਨਿਭਾਈ ਜਾ ਰਹੀ ਹੈ, ਜੋ ਭਾਈ ਮਨੀ ਸਿੰਘ ਜੀ ਵਲੋਂ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੱਖਰਾਂ ਨੂੰ ਜਰਮਨ ਤੋਂ ਲਿਆਂਦੇ ਵਿਸ਼ੇਸ਼ ਕਾਗਜ਼ 'ਤੇ ਲਗਾ ਕੇ ਮੁੜ ਸੁਰਜੀਤ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਲਿਖਵਾਇਆ ਸੀ। ਇਹ ਸਰੂਪ ਇਕ ਸਿੰਧੀ ਪਰਿਵਾਰ ਕੋਲ ਸੀ, ਜੋ 1947 ਦੀ ਵੰਡ ਵੇਲੇ ਦਿੱਲੀ ਆ ਗਿਆ ਅਤੇ ਬਾਅਦ 'ਚ ਅਗਲੀਆਂ ਪੀੜ੍ਹੀਆਂ ਵਿਦੇਸ਼ ਚਲੀਆਂ ਗਈਆਂ ਤੇ ਪਿੱਛੋਂ ਇਸ ਸਰੂਪ ਨੂੰ ਕੀੜੇ ਤੇ ਸਲਾਭ ਨੇ ਪਾਊਡਰ ਬਣਾ ਦਿੱਤਾ।

PunjabKesariਇਸ ਪਾਵਨ ਸਰੂਪ ਨੂੰ ਆਰਕਲੌਜੀ ਡਿਪਾਰਟਮੈਂਟ ਦਿੱਲੀ 'ਚ ਕੰਮ ਕਰ ਚੁੱਕੇ ਮੁਹੰਮਦ ਨਿਆਜ਼ ਯੂਨੇਸ ਵਲੋਂ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ ਅਤੇ ਇਸ ਕੰਮ ਨੂੰ ਬੜੀ ਹੀ ਬਾਰੀਕੀ ਨਾਲ ਕੀਤਾ ਜਾ ਰਿਹਾ ਹੈ। ਪੁਰਾਤਣ ਸਰੂਪ ਦੇ ਇਕ-ਇਕ ਅੱਖਰ ਨੂੰ ਚੁੱਕ ਕੇ ਵੱਖ ਕੀਤਾ ਜਾ ਰਿਹਾ ਹੈ ਤੇ ਫਿਰ ਜਰਮਨ ਤੋਂ ਲਿਆਂਦੇ ਗਏ ਖਾਸ ਕਾਗਜ਼ 'ਤੇ ਲਗਾਇਆ ਜਾ ਰਿਹਾ ਹੈ। ਮੁਹੰਮਦ ਨਿਆਜ਼ ਨੇ ਦੱਸਿਆ ਕਿ ਜਿਸ ਵੇਲੇ ਉਸਨੂੰ ਇਹ ਸੇਵਾ ਮਿਲੀ। ਸਰੂਪ ਦਾ ਕਾਗਜ਼ ਲਗਭਗ ਪਾਊਡਰ ਬਣ ਚੁੱਕਿਆ ਸੀ। ਉਹ ਕਰੀਬ ਤਿੰਨ ਸਾਲਾਂ ਤੋਂ ਇਸਨੂੰ ਨਵਿਆਉਣ ਦੀ ਸੇਵਾ ਕਰ ਰਿਹਾ ਹੈ, ਜੋ ਸਾਲ-ਡੇਢ ਸਾਲ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਸੇਵਾ 'ਤੇ ਆ ਰਹੇ ਖਰਚ ਦੀ ਗੱਲ ਕਰਦਿਆਂ ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਸੇਵਾ ਦੀ ਕੋਈ ਭੇਟਾ ਨਹੀਂ ਹੁੰਦੀ। ਬਾਕੀ ਇਸ ਕੰਮ 'ਤੇ 80 ਲੱਖ ਰੁਪਏ ਖਰਚ ਹੋਣ ਦੀ ਗੱਲ ਕਹੀ ਸੀ, ਜਿਸ 'ਚੋਂ 50 ਲੱਖ ਰੁਪਏ ਖਰਚੇ ਜਾ ਚੁੱਕੇ ਹਨ।


Baljeet Kaur

Content Editor

Related News