ਦਲਵੀਰ ਢਿੱਲਵਾਂ ਕਤਲ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਘੇਰਿਆ ਐੱਸ. ਐੱਸ. ਪੀ. ਦਫਤਰ

11/25/2019 4:28:07 PM

ਬਟਾਲਾ (ਬੇਰੀ) : ਪਿਛਲੇ ਦਿਨੀਂ ਪਿੰਡ ਢਿੱਲਵਾਂ ਦੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਹੋਏ ਕਤਲ ਦੇ ਮਾਮਲੇ ਵਿਚ ਸ਼ਾਮਲ ਮੁਲਜ਼ਮਾਂ ਨੂੰ ਪੁਲਸ ਵਲੋਂ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਸੈਂਕੜਿਆਂ ਦੀ ਗਿਣਤੀ ਵਿਚ ਬਟਾਲਾ ਵਿਖੇ ਇਕੱਠੇ ਹੋ ਕੇ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕਰ ਕੇ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਧਰਨਾਕਾਰੀਆਂ ਨੇ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਅਜੇ ਵੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਸ਼ਰੇਆਮ ਘੁੰਮ ਰਹੇ ਹਨ ਜਦਕਿ ਢਿੱਲਵਾਂ ਦਾ ਕਤਲ ਕਿਸੇ ਸਾਜਿਸ਼ ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਲਬੀਰ ਸਿੰਘ ਢਿੱਲਵਾਂ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਸਨ। ਉਨ੍ਹਾਂ ਕਿਹਾ ਕਿ ਇਕ ਪਾਸੇ ਪੁਲਸ ਪ੍ਰਸ਼ਾਸਨ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਰ ਰਿਹਾ ਹੈ, ਉਥੇ ਨਾਲ ਹੀ ਐੱਸ. ਆਈ. ਟੀ. ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਨਾਲ ਸਾਫ ਜ਼ਾਹਿਰ ਹੁੰਦਾ ਹੈ ਕਿ ਪੁਲਸ ਪ੍ਰਸ਼ਾਸਨ ਨੇ ਦਲਬੀਰ ਸਿੰਘ ਦੇ ਕਤਲ ਨਾਲ ਸਬੰਧਤ ਮੁਲਜ਼ਮਾਂ ਨੂੰ ਬਚਾਉਣ ਦੀ ਖਾਤਰ ਜਾਂਚ ਦਾ ਰੁਖ ਮੋੜ ਦਿੱਤਾ ਹੈ ਤਾਂ ਜੋ ਮਾਮਲਾ ਕਿਸੇ ਨਾ ਕਿਸੇ ਤਰ੍ਹਾਂ ਲੰਬਾ ਖਿੱਚਿਆ ਜਾ ਸਕੇ। ਇਸ ਦੌਰਾਨ ਸ਼ਹਿਰ 'ਚ ਮਾਰਚ ਕਰਦੇ ਹੋਏ ਸਾਥੀਆਂ ਸਮੇਤ ਧਰਨਾ ਸਥੱਲ 'ਤੇ ਐੱਸ. ਐੱਸ. ਪੀ. ਦਫਤਰ ਦੇ ਸਾਹਮਣੇ ਪਹੁੰਚੇ ਸੀਨੀਅਰ ਅਕਾਲੀ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਕਿਹਾ ਕਿ ਸਮੁੱਚੇ ਪੰਜਾਬ ਵਿਚ ਕੋਝੀ ਰਾਜਨੀਤੀ ਹੋ ਰਹੀ ਹੈ ਅਤੇ ਪੀੜਤਾਂ ਤੋਂ ਇਨਸਾਫ ਦੂਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਢਿੱਲਵਾਂ ਦਾ ਕਤਲ ਕਰਨ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਗ੍ਰਿਫਤਾਰ ਅਤੇ ਸਜ਼ਾ ਦਵਾ ਕੇ ਹੀ ਦਮ ਲਵੇਗਾ।

ਪੀੜਤ ਪਰਿਵਾਰ ਪਿੰਡ ਵਾਸੀਆਂ ਨਾਲ ਪੁੱਜਾ ਐੱਸ. ਐੱਸ. ਪੀ. ਦਫਤਰ
ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਕਤਲ ਕਾਂਡ ਦਾ ਮਾਮਲਾ ਉਸ ਸਮੇਂ ਹੋਰ ਗਰਮ ਹੋ ਗਿਆ, ਜਦ ਮ੍ਰਿਤਕ ਦਲਬੀਰ ਸਿੰਘ ਦਾ ਸਮੁੱਚਾ ਪਰਿਵਾਰ ਪਿੰਡ ਵਾਸੀਆਂ ਨੂੰ ਭਾਰੀ ਗਿਣਤੀ ਵਿਚ ਨਾਲ ਲੈ ਕੇ ਟਰੈਕਟਰ-ਟਰਾਲੀ 'ਤੇ ਸਵਾਰ ਹੋ ਕੇ ਐੱਸ. ਐੱਸ. ਪੀ. ਬਟਾਲਾ ਦੇ ਦਫਤਰ 'ਤੇ ਅੱਗੇ ਪੁੱਜਿਆ ਅਤੇ ਪੁਲਸ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਖੂਬ ਭੜਾਸ ਕੱਢੀ। ਇਸ ਦੌਰਾਨ ਮ੍ਰਿਤਕ ਦੀ ਬੇਟੀ ਨਵਜੀਤ ਕੌਰ, ਬੇਟਾ ਸੰਦੀਪ ਸਿੰਘ ਅਤੇ ਪਰਿਵਾਰਕ ਮੈਂਬਰ ਪਲਵਿੰਦਰ ਸਿੰਘ ਪੁਲਸ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦਲਬੀਰ ਸਿੰਘ ਢਿੱਲਵਾਂ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਕਿਸੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦੇਣਾ ਆਮ ਜਿਹੀ ਗੱਲ ਹੋ ਗਈ ਹੈ ਅਤੇ ਕਤਲ ਦੀਆਂ ਵਾਰਦਾਤਾਂ ਦਿਨ-ਬ-ਦਿਨ ਜਿਸ ਤਰ੍ਹਾਂ ਵੱਧ ਰਹੀਆਂ ਹਨ, ਉਸ ਨੂੰ ਦੇਖ ਕੇ ਸਾਫ ਜਾਹਿਰ ਹੋ ਰਿਹਾ ਹੈ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਆਮ ਵਿਅਕਤੀ ਸੁਰੱਖਿਅਤ ਨਹੀਂ ਹੈ। ਪਰਿਵਾਰਕ ਮੈਂਬਰਾਂ ਨੇ ਜੋਰਦਾਰ ਸ਼ਬਦਾਂ ਵਿਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦ ਤੱਕ ਪੁਲਸ ਕਤਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕਰਦੀ, ਉਦੋ ਤੱਕ ਧਰਨਾ ਜਾਰੀ ਰਹੇਗਾ। ਇਸ ਸਮੇਂ ਜੋਗਿੰਦਰ ਸਿੰਘ ਥ੍ਰੀਏਵਾਲ, ਭੁਪਿੰਦਰ ਸਿੰਘ ਲਾਡੀ, ਕੌਂਸਲਰ ਸਤਪਾਲ, ਪਰਮਵੀਰ ਸਿੰਘ ਲਾਡੀ, ਦੀਪਇੰਦਰ ਸਿੰਘ, ਨਰਿੰਦਰ ਸਿੰਘ, ਡਾ. ਜਗਬੀਰ ਸਿੰਘ ਧਰਮਸੌਤ ਜ਼ਿਲਾ ਪ੍ਰਧਾਨ ਬਾਜੀਗਰ ਸੈੱਲ ਅਕਾਲੀ ਦਲ, ਕੁਲਵੰਤ ਸਿੰਘ ਕੌਂਸਲਰ, ਪੰਕਜ ਭੱਟੀ ਕੌਂਸਲਰ, ਨਿਰਮਲ ਸਿੰਘ, ਗੁਰਿੰਦਰ ਸਿੰਘ ਕੌਂਸਲਰ, ਗੁਰਜੀਤ ਸਿੰਘ ਬਿਜਲੀਵਾਲ, ਰਮਨਦੀਪ ਸੰਧੂ, ਬਲਵਿੰਦਰ ਸਿੰਘ ਕੌਂਸਲਰ, ਕੰਵਲਜੀਤ ਸਿੰਘ ਆਦਿ ਅਕਾਲੀ ਵਰਕਰ ਸਮੇਤ ਪਰਿਵਾਰਕ ਮੈਂਬਰ ਮੌਜੂਦ ਸਨ।

ਐੱਸ. ਐੱਸ. ਪੀ. ਦੇ ਭਰੌਸੇ ਤੋਂ ਬਾਅਦ ਚੁੱਕਿਆ ਧਰਨਾ
ਉਧਰ, ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਖੁਦ ਦਫਤਰ ਦੇ ਬਾਹਰ ਆਏ ਅਤੇ ਧਰਨਾਕਾਰੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਪੂਰੇ ਜ਼ਿਲੇ ਦੀ ਪੁਲਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਜਾਣਕਾਰਾਂ ਅਤੇ ਕੁਝ ਅਣਪਛਾਤੇ ਲੋਕਾਂ ਦੇ ਨਾਮ ਵੀ ਲਿਖਵਾਏ ਗਏ ਹਨ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਤਲ ਦੇ ਅਸਲ ਕਾਰਨਾਂ ਨੂੰ ਵੀ ਗ੍ਰਿਫਤਾਰੀ ਤੋਂ ਬਾਅਦ ਉਜਾਗਰ ਕੀਤਾ ਜਾਵੇਗਾ।


Baljeet Kaur

Content Editor

Related News