‘ਕੈਪਟਨ ਨੇ ਨੌਕਰੀ ਤਾਂ ਕੀ ਦੇਣੀ ਸੀ ਉਲਟਾ ਸਾਡੇ ਕੋਲੋਂ ਲੈ ਲਏ ਦੋ-ਦੋ ਹਜ਼ਾਰ’

Monday, Feb 11, 2019 - 04:26 PM (IST)

‘ਕੈਪਟਨ ਨੇ ਨੌਕਰੀ ਤਾਂ ਕੀ ਦੇਣੀ ਸੀ ਉਲਟਾ ਸਾਡੇ ਕੋਲੋਂ ਲੈ ਲਏ ਦੋ-ਦੋ ਹਜ਼ਾਰ’

ਬਰਨਾਲਾ (ਮੱਘਰ ਪੁਰੀ) - ਬਰਨਾਲਾ 'ਚ ਕੈਪਟਨ ਸਰਕਾਰ ਵਲੋਂ ਲਾਏ ਗਏ ਰੋਜ਼ਗਾਰ ਮੇਲੇ ਤੋਂ ਬਾਅਦ ਨੌਜਵਾਨਾਂ ਨੂੰ ਰੋਜ਼ਗਾਰ ਨਾ ਮਿਲਣ 'ਤੇ ਉਨ੍ਹਾਂ ਅੱਜ ਡੀ.ਸੀ. ਦਫਤਰ ਦੇ ਬਾਹਰ ਰੋਸ ਧਰਨਾ ਦਿੰਦੇ ਹੋਏ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵਲੋਂ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਹਮਾਇਤ ਦਿੱਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਗਾਰ ਮੇਲੇ 'ਚ ਇਕ ਪ੍ਰਾਈਵੇਟ ਕੰਪਨੀ ਵਲੋਂ ਨੌਕਰੀ ਲਈ ਆਫਰ ਲੇਟਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕੰਪਨੀ ਦੇ ਇਕ ਸੈਂਟਰ ਨੇ ਉਨ੍ਹਾਂ ਤੋਂ ਦੋ ਹਜ਼ਾਰ ਰੁਪਏ ਲੈ ਲਏ।

PunjabKesari

ਉਕਤ ਕੰਪਨੀ ਨੇ ਉਨ੍ਹਾਂ ਨੂੰ ਸਿਖਲਾਈ ਦੇਣ ਦੀ ਥਾਂ ਸੈਂਟਰ 'ਚ ਹੋਰ ਵਿਦਿਆਰਥੀ ਦਾਖਲ ਕਰਵਾਉਣ ਦੀ ਮੰਗ ਕੀਤੀ ਪਰ ਨੌਜਵਾਨਾਂ ਨੇ ਅਜਿਹਾ ਕਰਨ ਤੋਂ ਮਨਾ ਕਰਦੇ ਹੋਏ ਉਨ੍ਹਾਂ ਨੂੰ ਪੈਸੇ ਵਾਪਸ ਕਰਨ ਲਈ ਕਿਹਾ। ਕੰਪਨੀ ਵਲੋਂ ਪੈਸੇ ਵਾਪਸ ਨਾ ਕਰਨ 'ਤੇ ਉਨ੍ਹਾਂ ਬਰਨਾਲਾ ਦੇ ਡੀ.ਸੀ. ਅਤੇ ਬਰਨਾਲਾ ਦੇ ਐੱਸ. ਐੱਸ. ਪੀ. ਨੂੰ ਇਕ ਮੰਗ-ਪੱਤਰ ਦਿੱਤਾ, ਜਿਸ ਦੀ ਕੋਈ ਸੁਣਵਾਈ ਨਾ ਹੋਣ 'ਤੇ ਉਨ੍ਹਾਂ ਵਲੋਂ ਅੱਜ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਅਕਾਲੀ ਆਗੂਆਂ ਨੇ ਦੱਸਿਆ ਕਿ ਕੈਪਟਨ ਸਰਕਾਰ ਨੌਜਵਾਨਾਂ ਨੂੰ ਵੱਡੇ-ਵੱਡੇ ਲਾਰੇ ਲਗਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਸਰਕਾਰ ਇਕ ਪਾਸੇ ਅਧਿਆਪਕਾਂ 'ਤੇ ਜ਼ੁਲਮ ਢਾਅ ਰਹੀ ਹੈ ਅਤੇ ਦੂਜੇ ਪਾਸੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ 'ਚ ਫੈਲ ਸਾਬਤ ਹੋਈ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਨੌਜਵਾਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ।


author

rajwinder kaur

Content Editor

Related News