ਵਿਧਾਇਕ ਹਰਮਿੰਦਰ ਗਿੱਲ ਦੇ ਬਿਆਨ ਨੇ ਸਿੱਖ ਹਿਰਦੇ ਵਲੂੰਧਰੇ : ਦਾਦੂਵਾਲ
Monday, Jan 13, 2020 - 04:59 PM (IST)

ਤਲਵੰਡੀ ਸਾਬੋ (ਮੁਨੀਸ਼) : ਸੰਗਤਾਂ ਨੂੰ ਦਰਬਾਰ ਸਾਹਿਬ ਤੋਂ ਮੋੜ ਕੇ ਹਰੀਕੇ ਪੱਤਣ ਲਿਆ ਕੇ ਮੱਛੀਆਂ ਖਵਾਉਣ ਸੰਬੰਧੀ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਦਿੱਤੇ ਬਿਆਨ ਨੇ ਸਿੱਖ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਇੱਥੋਂ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸੰਘਰਸ਼ 'ਚ ਜੇਲ੍ਹ ਕੱਟ ਚੁੱਕੇ ਆਗੂ ਵਲੋਂ ਦਿੱਤਾ ਅਜਿਹਾ ਬਿਆਨ ਹੈਰਾਨੀ ਜਨਕ ਹੈ।
ਇਹ ਸੀ ਮਾਮਲਾ
ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਸੀ। ਵਿਧਾਇਕ ਗਿੱਲ ਹਰੀਕੇ ਪੱਤਣ 'ਚ ਗੱਲਾਂ-ਗੱਲਾਂ 'ਚ ਇੰਨੇ ਵਹਿ ਗਏ ਕਿ ਦਰਬਾਰ ਸਾਹਿਬ ਬਾਰੇ ਕੁਝ ਵਿਵਾਦਿਤ ਬੋਲ ਗਏ। ਹਰਮਿੰਦਰ ਗਿੱਲ ਨੇ ਆਖਿਆ ਕਿ ਜਿਹੜਾ ਇਕ ਲੱਖ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਆਉਂਦਾ ਹੈ, ਅਸੀਂ ਉਸ ਦਾ ਮੂੰਹ ਮੋੜ ਕੇ ਹਰੀਕੇ ਲੈ ਕੇ ਆਵਾਂਗੇ। ਉਹ ਇੱਥੇ ਆਉਣ ਅਤੇ ਤੁਹਾਡੀ ਮੱਛੀ ਵੀ ਖਾਣ ਅਤੇ ਕਾਰੋਬਾਰ ਵੀ ਕਰਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਮੁਆਫੀ ਵੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਨ 'ਚ ਦਰਬਾਰ ਸਾਹਿਬ ਬਾਰੇ ਅਥਾਹ ਸ਼ਰਧਾ ਹੈ ਅਤੇ ਉਨ੍ਹਾਂ ਦੀ ਮਨਸ਼ਾ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਉਣੀ ਨਹੀਂ ਸੀ।