ਕੈਪਟਨ ਸਰਕਾਰ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੀਤਾ ਕੰਮ : ਦਾਦੂਵਾਲ

01/27/2019 4:14:07 PM

ਫਰੀਦਕੋਟ (ਜਗਤਾਰ) - 2015 'ਚ ਹੋਏ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਗਿਫ੍ਰਤਾਰੀ 'ਤੇ ਬਿਆਨ ਦਿੰਦੇ ਹੋਏ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਦੀ ਹੋਲੀ-ਹੋਲੀ ਜਾਂਚ ਕਰ ਰਹੀ ਹੈ ਜਦਕਿ ਕੋਟਕਪੂਰਾ 'ਚ ਗੋਲੀ ਚਲਾਉਣ ਵਾਲੇ ਅਤੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਸਾਰੇ ਦੋਸ਼ੀ ਪੁਲਸ ਕਰਮਚਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦਾਦੂਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ ਹੈ। ਇਸ ਮਾਮਲੇ ਨਾਲ ਸਬੰਧਤ ਸਾਰੇ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਜਿਸ ਨੇ ਵੀ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ, ਭਾਵੇ ਉਹ ਮੁੱਖ ਮੰਤਰੀ ਹੋਵੇ, ਡੀ.ਜੀ.ਪੀ. ਹੋਵੇ ਜਾਂ ਉਪ ਮੁੱਖ ਮੰਤਰੀ ਹੋਵੇ ਸਾਰਿਆਂ ਨੂੰ ਕੈਪਟਨ ਸਰਕਾਰ ਗ੍ਰਿਫਤਾਰ ਕਰੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਅਜਿਹੀ ਕਾਰਵਾਈ ਕਰਨ ਤੋਂ ਬਾਅਦ ਹੀ ਲੋਕਾਂ ਦੇ ਹਿਰਦੇ ਸ਼ਾਂਤ ਹੋਣਗੇ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ 'ਚ ਲਗਭਗ ਸਾਢੇ ਤਿੰਨ ਵਰ੍ਹੇ ਪਹਿਲਾਂ ਵਾਪਰੇ ਪੁਲਸ ਗੋਲੀਕਾਂਡ ਦੇ ਮਾਮਲੇ 'ਚ ਸਰਕਾਰ ਨੇ 4 ਪੁਲਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਸੀ। ਸਰਕਾਰ ਵੱਲੋਂ ਇਹ ਕਾਰਵਾਈ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਕੀਤੀ ਗਈ ਸੀ। 21 ਅਕਤੂਬਰ 2015 ਨੂੰ ਦਰਜ ਐੱਫ. ਆਈ. ਆਰ. 'ਚ ਮੋਗਾ ਦੇ ਤਤਕਾਲੀ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ (ਹੁਣ ਸੇਵਾ ਮੁਕਤ), ਫਾਜ਼ਿਲਕਾ ਦੇ ਤਤਕਾਲੀ ਐੱਸ. ਪੀ. (ਡੀ) ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ ਅਤੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੂੰ ਨਾਮਜ਼ਦ ਕੀਤਾ ਸੀ। ਇਸ ਗੋਲੀਕਾਂਡ 'ਚ ਫਰੀਦਕੋਟ ਜ਼ਿਲ੍ਹੇ ਦੇ ਦੋ ਨੌਜਵਾਨ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਤੇ ਕਈ ਜਣੇ ਫੱਟੜ ਹੋਏ ਸਨ।ਹਾਈਕੋਰਟ ਵੱਲੋਂ ਹਾਲ ਹੀ 'ਚ ਕਾਰਵਾਈ ਤੋਂ ਹਟਾਈ ਗਈ ਪਾਬੰਦੀ ਮਗਰੋਂ ਐੱਸ. ਆਈ. ਟੀ. ਨੇ ਇਨ੍ਹਾਂ ਚਾਰੇ ਪੁਲਸ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਕੇ ਆਉਂਦੀ 29 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ।


rajwinder kaur

Content Editor

Related News