ਇਕ ਦਿਨ ਦੇ ਇਜਲਾਸ ਨੂੰ 'ਆਪ' ਵਿਧਾਇਕਾ ਬਲਜਿੰਦਰ ਕੌਰ ਨੇ ਦੱਸਿਆ ਸਿਰਫ ਡਰਾਮਾ
Saturday, Aug 29, 2020 - 06:27 PM (IST)
ਜਲੰਧਰ— ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਕਰਵਾਏ ਗਏ ਇਕ ਦਿਨ ਦੇ ਮਾਨਸੂਨ ਇਜਲਾਸ ਨੂੰ ਆਮ ਆਦਮੀ ਪਾਰਟੀ ਨੇ ਡਰਾਮਾ ਕਰਾਰ ਦਿੱਤਾ ਹੈ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦੇ ਹੋਏ 'ਆਪ' ਵਿਧਾਇਕਾ ਅਤੇ ਸੀਨੀਅਰ ਆਗੂ ਬਲਜਿੰਦਰ ਕੌਰ ਨੇ ਪੰਜਾਬ ਵਿਧਾਨ ਸਭਾ ਦੇ ਇਕ ਦਿਨ ਦੇ ਮਾਨਸੂਨ ਇਜਲਾਸ 'ਤੇ ਆਪਣਾ ਪ੍ਰਤੀਕਰਮ ਦਿੰਦੇ ਕਿਹਾ ਕਿ ਇਸ ਵਾਰ ਤਾਂ ਬਿਲਕੁਲ ਹੀ ਸਰਕਾਰ ਨੇ ਇਕ ਸੰਵਿਧਾਨਕ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਹੀ ਸਿਰਫ ਅੱਧੇ ਦਿਨ ਦਾ ਸੈਸ਼ਨ ਰੱਖਿਆ ਸੀ, ਜੋਕਿ ਮਹਿਜ਼ ਇਕ ਡਰਾਮਾ ਹੀ ਸੀ। ਇਸ ਵਾਰ ਤਾਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ ਦਾ ਬਹਾਨਾ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਤਾਂ ਚਾਹੁੰਦੀ ਹੀ ਨਹੀਂ ਸੀ ਕਿ ਲੋਕਾਂ ਦੇ ਮੁੱਦਿਆਂ 'ਤੇ ਕੋਈ ਗੱਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚੰਗੇ ਦਿਨਾਂ 'ਚ ਵੀ ਇਜਲਾਸ ਤਾਂ ਛੋਟੇ ਦਿਨਾਂ ਦਾ ਲਿਆਂਦਾ ਜਾਂਦਾ ਸੀ ਅਤੇ ਹੁਣ ਤਾਂ ਸਰਕਾਰ ਨੇ ਬਹੁਤ ਹੀ ਤਗੜਾ ਬਹਾਨਾ ਮਾਰਿਆ ਹੈ। ਬਹਾਨਾ ਮਾਰ ਕੇ ਸੈਸ਼ਨ ਨੂੰ ਕੱਟਿਆ ਗਿਆ ਅਤੇ ਵਿਰੋਧੀ ਧਿਰਾਂ ਨੂੰ ਬਾਹਰ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਅਕਾਲੀ ਦਲ ਦੀ ਗੈਰ ਹਾਜ਼ਰੀ ਨੇ ਆਪਣੇ ਆਪ 'ਚ ਖੜ੍ਹਾ ਕੀਤਾ ਵੱਡਾ ਪ੍ਰਸ਼ਨ ਚਿੰਨ੍ਹ
ਅਕਾਲੀ ਦਲ ਵੱਲੋਂ ਲੋਕਤੰਤਰ ਦਾ ਘਾਣ ਕਰਨ ਦੇ ਲਗਾਏ ਗਏ ਦੋਸ਼ਾਂ 'ਤੇ ਬੋਲਦੇ ਹੋਏ ਬਲਜਿੰਦਰ ਕੌਰ ਨੇ ਕਿਹਾ ਕਿ ਆਪਣੀ ਸਰਕਾਰ ਵੇਲੇ ਲੋਕਤੰਤਰ ਦੇ ਘਾਣ ਦੀਆਂ ਧੱਜੀਆਂ ਉਡਾਉਣ ਦੀ ਸ਼ੁਰੂਆਤ ਤਾਂ ਉਨ੍ਹਾਂ ਨੇ ਹੀ ਕੀਤੀ ਹੈ। ਅਕਾਲੀ ਦਲ ਜਿਹੜੀ ਛਾਪ ਛੱਡ ਕੇ ਗਈ ਸੀ, ਉਸ ਨੂੰ ਹੀ ਹੁਣ ਕਾਂਗਰਸ ਨੇ ਅਪਣਾਇਆ ਹੋਇਆ ਹੈ। ਅਕਾਲੀ ਦਲ ਵੱਲੋਂ ਸੈਸ਼ਨ 'ਚ ਸ਼ਾਮਲ ਨਾ ਹੋਣ 'ਤੇ ਬੋਲਦੇ ਹੋਏ ਬਲਜਿੰਦਰ ਕੌਰ ਨੇ ਕਿਹਾ ਕਿ ਜਦੋਂ ਆਰਡੀਨੈਂਸ ਦੀ ਗੱਲ ਆਉਂਦੀ ਹੈ, ਤਾਂ ਮੈਨੂੰ ਲੱਗਦਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅੱਜ ਆਰਡੀਨੈਂਸ ਦੀ ਗੱਲ ਹੋਣੀ ਹੈ ਅਤੇ ਉਹ ਸੈਸ਼ਨ 'ਚ ਆ ਕੇ ਆਰਡੀਨੈਂਸ 'ਤੇ ਗੱਲ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਦੀ ਗੈਰ ਹਾਜ਼ਰੀ ਆਪਣੇ ਆਪ 'ਚ ਵੱਡਾ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਕੇ ਗਈ ਹੈ।
ਅਰਵਿੰਦ ਕੇਜਰੀਵਾਲ ਵੱਲੋਂ ਮੰਗੀ ਗਈ ਮੁਆਫ਼ੀ ਦਾ ਸਮਾਂ ਨਹੀਂ ਸੀ ਸਹੀ: ਬਲਜਿੰਦਰ ਕੌਰ
ਅਰਵਿੰਦ ਕੇਜਰੀਵਾਲ ਵੱਲੋਂ ਚਿੱਟੇ ਦੇ ਮੁੱਦੇ 'ਤੇ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਗਈ ਮੁਆਫ਼ੀ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁਆਫ਼ੀ ਨੂੰ ਜਿਵੇਂ ਮਰਜ਼ੀ ਲੈ ਲਵੋ ਪਰ ਉਸ ਸਮੇਂ ਸਾਡੀ ਸਰਕਾਰ ਨਹੀਂ ਬਣੀ ਸੀ। ਉਨ੍ਹਾਂ ਕਿਹਾ ਕਿ ਮੁਆਫ਼ੀ ਮੰਗਣ ਦਾ ਸਮਾਂ ਉਹ ਸਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਮੰਗੀ ਗਈ ਮੁਆਫ਼ੀ ਗਲਤ ਸੀ ਜਾਂ ਠੀਕ, ਸਵਾਲ ਇਹ ਨਹੀਂ ਹੈ, ਸਗੋਂ ਸਵਾਲ ਇਹ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੇ ਸਰਕਾਰ ਬਣੀ ਹੁੰਦੀ ਤਾਂ ਫਿਰ ਕੇਜਰੀਵਾਲ ਵੱਲੋਂ ਮੁਆਫ਼ੀ ਮੰਗੀ ਗਈ ਹੁੰਦੀ, ਫਿਰ ਮੁਆਫ਼ੀ ਮਾਈਨੇ ਰੱਖਦੀ ਸੀ। ਉਨ੍ਹਾਂ ਕਿਹਾ ਕਿ ਜਦੋਂ 'ਆਪ' ਦੀ ਸਰਕਾਰ ਬਣੇਗੀ ਤਾਂ ਪ੍ਰੈਕੀਟਕਲ ਸਾਰਾ ਕੁਝ ਸਾਹਮਣੇ ਹੋਵੇਗਾ।