ਮੋਹਾਲੀ ਦੇ ਕਈ ਪਿੰਡਾਂ ਦੀ ਦਹਾਕਿਆਂ ਪੁਰਾਣੀ ਮੰਗ ਹੋਈ ਪੂਰੀ, ਲੋਕਾਂ ''ਚ ਖੁਸ਼ੀ ਦੀ ਲਹਿਰ
Sunday, Aug 09, 2020 - 04:45 PM (IST)
ਮੋਹਾਲੀ (ਪਰਦੀਪ) : ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਧਾਨ ਸਭਾ ਹਲਕਾ ਮੋਹਾਲੀ ਦੇ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਦੋ ਅਹਿਮ ਸੜਕਾਂ ਨੂੰ 10 ਫੁੱਟ ਚੌੜਾਈ ਤੋਂ ਵਧਾ ਕੇ 18-18 ਫ਼ੁੱਟ ਚੌੜਾ ਕਰਨ ਦੇ ਕੰਮ ਦੇ ਨੀਂਹ ਪੱਥਰ ਰੱਖੇ, ਜਿਨ੍ਹਾਂ 'ਤੇ ਲਗਭਗ 10 ਕਰੋੜ ਰੁਪਏ ਦੀ ਲਾਗਤ ਆਵੇਗੀ। ਪਹਿਲਾ ਨੀਂਹ ਪੱਥਰ ਪਿੰਡ ਸਨੇਟੇ ਵਿਖੇ ਰੱਖਿਆ ਗਿਆ। ਇਹ ਸੜਕ ਸਨੇਟਾ ਤੋਂ ਮਾਣਕਪੁਰ ਤੱਕ ਬਣਾਈ ਜਾਵੇਗੀ।
ਧੀਰਪੁਰ, ਗਡਾਣਾ, ਅਬਰਾਵਾਂ, ਮਾਣਕਪੁਰ ਅਤੇ ਗੁਡਾਣਾਂ ਤੋਂ ਢੇਲਪੁਰ, ਤਸੌਲੀ ਰਾਹੀਂ ਮਾਣਕਪੁਰ ਚੌਂਕ ਤੱਕ ਪਿੰਡਾਂ ਨੂੰ ਜੋੜਦੀ ਲਗਭਗ 13.600 ਕਿਲੋਮੀਟਰ ਲੰਮੀ ਸੜਕ 10 ਫੁੱਟ ਤੋਂ ਵਧਾ ਕੇ 18 ਫੁੱਟ ਚੌੜੀ ਕੀਤੀ ਜਾਵੇਗੀ। ਇਸ ਸੜਕ 'ਤੇ 5 ਕਰੋੜ 84 ਲੱਖ ਰੁਪਏ ਖਰਚਾ ਆਵੇਗਾ। ਦੂਜਾ ਨੀਂਹ ਪੱਥਰ ਦੈੜੀ ਤੋਂ ਗੱਜੂਖੇੜਾ ਨੂੰ ਜੋੜਦੀ 9.50 ਕਿਲੋਮੀਟਰ ਲੰਮੀ ਸੜਕ ਦਾ ਰੱਖਿਆ ਗਿਆ। ਇਹ ਸੜਕ ਨਗਾਰੀ, ਗੀਗੇ ਮਾਜਰਾ, ਮਿੰਢੇ ਮਾਜਰਾ ਰਾਹੀਂ ਗੱਜੂਖੇੜਾ ਤੱਕ ਬਣਾਈ ਜਾਵੇਗੀ। ਇਸ ਸੜਕ 'ਤੇ 4.12 ਲੱਖ ਰੁਪਏ ਦਾ ਖ਼ਰਚਾ ਆਵੇਗਾ। ਇਸ ਮੌਕੇ ਸਿਹਤ ਮੰਤਰੀ ਨੇ ਗੱਲਬਾਤ ਕਰਦਿਆਂ ਦਸਿਆ ਕਿ ਇਨ੍ਹਾਂ ਅਹਿਮ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਕਈ ਦਹਾਕਿਆਂ ਤੋਂ ਲਟਕਿਆ ਪਿਆ ਸੀ।
ਉਨ੍ਹਾਂ ਦਸਿਆ ਇਨਾਂ ਪਿੰਡਾਂ ਦੇ ਲੋਕ ਜਿਨ੍ਹਾਂ 'ਚ ਮੁਲਾਜ਼ਮ, ਦੋਧੀ, ਕਿਸਾਨ, ਵਿਦਿਆਰਥੀ ਆਦਿ ਸ਼ਾਮਲ ਹਨ, ਆਪੋ-ਅਪਣੇ ਕੰਮਾਂ ਲਈ ਹਰ ਰੋਜ਼ ਚੰਡੀਗੜ੍ਹ, ਮੋਹਾਲੀ ਅਤੇ ਹੋਰ ਸ਼ਹਿਰਾਂ ਨੂੰ ਜਾਂਦੇ ਹਨ ਪਰ ਸੜਕਾਂ ਦੀ ਮਾੜੀ ਹਾਲਤ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿੰਡਾਂ ਦੇ ਲੋਕਾਂ ਦੀ ਭਾਰੀ ਪਰੇਸ਼ਾਨੀ ਨੂੰ ਸਮਝਦਿਆਂ ਉਨ੍ਹਾਂ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸੜਕਾਂ ਨੂੰ ਚੌੜਾ ਕਰਨ ਦੀ ਤਜਵੀਜ਼ ਉਨ੍ਹਾਂ ਅੱਗੇ ਰੱਖੀ ਅਤੇ ਮੁੱਖ ਮੰਤਰੀ ਨੇ ਤੁਰੰਤ ਅਪਣੀ ਪ੍ਰਵਾਨਗੀ ਦੇ ਦਿਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਪੰਜਾਬ ਮੰਡੀ ਬੋਰਡ ਵੱਲੋਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਲਕਾ ਮੋਹਾਲੀ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ, ਜਿਨ੍ਹਾਂ ਵਾਸਤੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁਕੀਆਂ ਹਨ। ਸੜਕਾਂ ਨੂੰ ਚੌੜਾ ਕਰਨ ਦੇ ਕੰਮ ਦੀ ਸ਼ੁਰੂਆਤ ਹੋਣ ਨਾਲ ਪਿੰਡਾਂ ਦੇ ਲੋਕਾਂ ਅੰਦਰ ਭਾਰੀ ਖ਼ੁਸ਼ੀ ਪਾਈ ਗਈ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਦੇ ਯਤਨਾਂ ਦੀ ਬਦੌਲਤ ਉਨ੍ਹਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਿੰਡਾਂ ਦੇ ਲੋਕਾਂ ਨੇ ਇਸ ਬਾਬਤ ਸਮੇਂ-ਸਮੇਂ ਸਰਕਾਰਾਂ ਨੂੰ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ਅਤੇ ਬੇਨਤੀਆਂ ਕੀਤੀਆਂ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ।