''ਪੰਜਾਬ ''ਚ ''ਕੋਰੋਨਾ ਵਾਇਰਸ'' ਦਾ ਕੋਈ ਮਰੀਜ਼ ਨਹੀਂ, ਸਾਰੀਆਂ ਰਿਪੋਰਟਾਂ ਨੈਗੇਟਿਵ''
Tuesday, Feb 18, 2020 - 09:31 AM (IST)

ਮੋਹਾਲੀ (ਨਿਆਮੀਆਂ) : ਸੂਬੇ 'ਚ ਹੁਣ ਤੱਕ 'ਕੋਰੋਨਾ ਵਾਇਰਸ' ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਸਿਹਤ ਵਿਭਾਗ ਵਲੋਂ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਜਿੰਨੇ ਵੀ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ, ਉਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਹ ਗੱਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਹੀ। ਬਲਬੀਰ ਸਿੱਧੂ ਮੋਹਾਲੀ 'ਚ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਵਲੋਂ ਲਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਪੁੱਜੇ ਸਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਸਿਹਤ ਸਹੂਲਤਾਵਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਹਸਪਤਾਲਾਂ 'ਚ ਲੋਕਾਂ ਨੂੰ ਇਲਾਜ ਕਰਵਾਉਣ 'ਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੌਂਗੋਵਾਲ 'ਚ ਜੋ ਸਕੂਲ ਵੈਨ ਨੂੰ ਅੱਗ ਲੱਗਣ ਦੀ ਘਟਨਾ ਘਟੀ ਹੈ, ਉਸ 'ਚ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਸਕੂਲ ਪ੍ਰਬੰਧਕ ਬੱਚਿਆਂ ਨੂੰ ਲਿਆਉਣ ਅਤੇ ਛੱਡਣ ਲਈ ਜੋ ਵੀ ਬੱਸਾਂ, ਵੈਨਾਂ ਅਤੇ ਹੋਰ ਵਾਹਨਾਂ ਦੀ ਖਰੀਦ ਕਰਦੇ ਹਨ, ਤਾਂ ਉਸ ਗੱਡੀ ਦੇ ਮਾਡਲ, ਫਿਟਨੈੱਸ ਦੀ ਪਹਿਲਾਂ ਸਰਕਾਰ ਤੋਂ ਜਾਂਚ ਕਰਾਉਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਕੂਲ ਬੱਸਾਂ ਅਤੇ ਸਕੂਲ ਵੈਨਾਂ ਦੀ ਹਰ ਮਹੀਨੇ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਜਾਂਚ ਹੋਵੇ, ਤਾਂ ਜੋ ਅਜਿਹੇ ਹਾਦਸੇ ਨਾ ਵਾਪਰ ਸਕਣ। ਇੱਥੇ ਲਾਏ ਗਏ ਕੈਂਪ 'ਚ 120 ਵਿਅਕਤੀਆਂ ਨੇ ਖੂਨਦਾਨ ਕੀਤਾ।