ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਰੰਭ ਹੋਇਆ ਚਾਰ ਰੋਜ਼ਾ ''ਵਿਸਾਖੀ'' ਜੋੜ ਮੇਲਾ
Thursday, Apr 13, 2023 - 10:43 AM (IST)
ਤਲਵੰਡੀ ਸਾਬੋ (ਮੁਨੀਸ਼) : ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬੀਤੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਹੀ ਖ਼ਾਲਸਾ ਸਾਜਨਾ ਦਿਵਸ ‘ਵਿਸਾਖੀ’ ਜੋੜ ਮੇਲਾ ਰਸਮੀ ਤੌਰ ’ਤੇ ਆਰੰਭ ਹੋ ਗਿਆ। ਭਾਵੇਂ ਕਿ ਪਹਿਲੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਦੀ ਆਮਦ ਉਮੀਦ ਨਾਲੋਂ ਘੱਟ ਰਹੀ ਤੇ ਲੋਕ ਇਸਨੂੰ ਭਾਰੀ ਭਰਕਮ ਸੁਰੱਖਿਆ ਪ੍ਰਬੰਧਾਂ ਨਾਲ ਜੋੜ ਕੇ ਵੀ ਦੇਖ ਰਹੇ ਹਨ। ਤਖ਼ਤ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ। ਆਰੰਭਤਾ ਦੀ ਅਰਦਾਸ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕੀਤੀ। ਆਰੰਭਤਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਤਖ਼ਤ ਸਾਹਿਬ ਦੇ ਸਮੁੱਚੇ ਪ੍ਰਬੰਧਕ ਮੌਜੂਦ ਰਹੇ। ਆਰੰਭਤਾ ਸਮਾਗਮਾਂ ’ਚ ਐਂਤਕੀ ਪਹਿਲੀ ਵਾਰ ਵੱਡੀ ਗਿਣਤੀ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਦਿਖਾਈ ਦਿੱਤੇ।
ਇਹ ਵੀ ਪੜ੍ਹੋ- ਮਿਲਟਰੀ ਸਟੇਸ਼ਨ ਗੋਲ਼ੀਬਾਰੀ ਮਾਮਲੇ 'ਚ ਬਠਿੰਡਾ ਦੇ SP(D) ਦਾ ਵੱਡਾ ਖ਼ੁਲਾਸਾ
ਆਰੰਭਤਾ ਉਪਰੰਤ ਗੱਲਬਾਤ ਕਰਦਿਆਂ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਹੀ ਚਾਰ ਰੋਜ਼ਾ ਵਿਸਾਖੀ ਜੋੜ ਮੇਲਾ ਰਸਮੀ ਤੌਰ ’ਤੇ ਆਰੰਭ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਲੀਕੇ ਗਏ ਤਿੰਨ ਰੋਜ਼ਾ ਗੁਰਮਤਿ ਸਮਾਗਮ ਵੀ ਸ਼ੁਰੂ ਹੋ ਗਏ ਹਨ, ਜਿਸ ’ਚ ਪੰਥ ਪ੍ਰਸਿੱਧ ਰਾਗੀ ਅਤੇ ਢਾਡੀ ਜਥੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਨਗੇ। ਉੱਧਰ ਤਖਤ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਵਿਸਾਖੀ ਜੋੜ ਮੇਲੇ ਮੌਕੇ ਤਖ਼ਤ ਸਾਹਿਬ ’ਤੇ ਲੱਖਾਂ ਦੀ ਗਿਣਤੀ ’ਚ ਸੰਗਤ ਦੀ ਆਮਦ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨਾਲ-ਨਾਲ ਹੋਰਨਾਂ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਸੰਗਤਾਂ ਲਈ ਜਗ੍ਹਾ-ਜਗ੍ਹਾ ਲੰਗਰਾਂ ਅਤੇ ਛਬੀਲਾਂ ਦੇ ਪ੍ਰਬੰਧ ਕੀਤੇ ਗਏ ਹਨ। ਸਮਾਗਮਾਂ ਦੀ ਆਰੰਭਤਾ ਮੌਕੇ ਐੱਸ. ਡੀ. ਐੱਮ. ਤਲਵੰਡੀ ਸਾਬੋ ਗਗਨਦੀਪ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਹਾਜ਼ਰੀ ਭਰੀ।
ਇਹ ਵੀ ਪੜ੍ਹੋ- ਇਕੋ ਝਟਕੇ 'ਚ ਤਬਾਹ ਹੋਈਆਂ ਪਰਿਵਾਰ ਦੀਆ ਖ਼ੁਸ਼ੀਆਂ, 2 ਸਕੇ ਭਰਾਵਾਂ ਦੀ ਦਰਦਨਾਕ ਮੌਤ
ਉੱਧਰ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁ. ਬੁੰਗਾ ਮਸਤੂਆਣਾ ਸਾਹਿਬ ਵਿਖੇ ਵੀ ਜੋੜ ਮੇਲੇ ਨੂੰ ਸਮਰਪਿਤ ਧਾਰਮਿਕ ਸਮਾਗਮ ਆਰੰਭ ਹੋ ਗਏ ਹਨ। ਸੰਪਰਦਾਇ ਮਸਤੂਆਣਾ ਮੁਖੀ ਬਾਬਾ ਟੇਕ ਸਿੰਘ ਧਨੌਲਾ ਅਤੇ ਮੁੱਖ ਸੇਵਾਦਾਰ ਬਾਬਾ ਕਾਕਾ ਸਿੰਘ ਨੇ ਦੱਸਿਆ ਕਿ 14 ਅਪ੍ਰੈਲ ਨੂੰ ਮੁੱਖ ਸਮਾਗਮਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦੂਜੇ ਪਾਸੇ ਪਹਿਲੇ ਦਿਨ ਤਖ਼ਤ ਸਾਹਿਬ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ ’ਚ ਨਤਮਸਤਕ ਹੋਣ ਪੁੱਜੀਆਂ ਸੰਗਤਾਂ ਨੇ ਪਹਿਲਾਂ ਪਾਵਨ ਸਰੋਵਰਾਂ ’ਚ ਇਸ਼ਨਾਨ ਕੀਤੇ ਅਤੇ ਫਿਰ ਮੱਥਾ ਟੇਕ ਪਰਿਵਾਰਾਂ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਨਗਰ ਦੇ ਚੌਕਾਂ ਅਤੇ ਤਖ਼ਤ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਕੀਤੀ ਮਨਮੋਹਕ ਦੀਪਮਾਲਾ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।