ਗਊਸ਼ਾਲਾ ਚੀਮਾ ਕਲਾਂ ਦਾ ਮੁੱਖੀ ਬਾਬਾ ਦਿਲਬਾਗ ਸਿੰਘ ਗ੍ਰਿਫਤਾਰ
Tuesday, Feb 13, 2018 - 11:16 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ)— ਬਹੁਚਰਚਿਤ ਪਿੰਡ ਚੀਮਾਂ ਕਲਾਂ ਦੀ ਗਊਸ਼ਾਲਾ ਦੇ ਮੁੱਖੀ ਬਾਬਾ ਦਿਲਬਾਗ ਸਿੰਘ ਨੂੰ ਆਖਿਰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਹੀ ਗਈ। ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਸਬ ਇੰ. ਬਲਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਖੁੱਦ ਬਾਬਾ ਦਿਲਬਾਗ ਸਿੰਘ ਨੂੰ ਮੰਗਲਵਾਰ ਨੂੰ ਮਾਨਯੋਗ ਅਦਾਲਤ 'ਚ ਲੈ ਕੇ ਪੁੱਜੇ ਜਿਥੋਂ ਅਦਾਲਤ ਵੱਲੋਂ ਬਾਬਾ ਦਿਲਬਾਗ ਸਿੰਘ ਨੂੰ 14 ਦਿਨਾਂ (27 ਫਰਵਰੀ) ਤੱਕ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਬਾਬਾ ਦਿਲਬਾਗ ਸਿੰਘ ਅਤੇ ਉਸਦੇ ਹੋਰਨਾ 5 ਸਾਥੀਆਂ ਵਿਰੁੱਧ 14 ਸਤੰਬਰ 2017 ਨੂੰ ਪਿੰਡ ਚੀਮਾ ਕਲਾਂ ਦੇ ਵਾਸੀ ਸਵ. ਕੁਲਵਿੰਦਰ ਸਿੰਘ ਦੀ ਵਿਧਵਾ ਸੁਖਰਾਜ ਕੌਰ ਦੇ ਬਿਆਨਾਂ 'ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਵੱਲੋਂ ਘਰ 'ਚ ਦਾਖਲ ਹੋ ਕੇ ਮਾਰਕੁੱਟਾਈ ਕਰਨ, ਸਮਾਨ ਚੋਰੀ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਮੁਕਦਮਾਂ ਨੰਬਰ 64 ਜੇਰੇ ਧਾਰਾ 452, 379,447,511,506,148,149 ਅਤੇ 120 ਬੀ, ਆਈ.ਪੀ.ਸੀ. ਦਰਜ ਕੀਤਾ ਗਿਆ ਸੀ। ਉਕਤ ਕੇਸ 'ਚ ਬਾਬਾ ਦਿਲਬਾਗ ਸਿੰਘ ਦੇ ਕੁਝ ਸਾਥੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਕੇ ਜ਼ੇਲ ਭੇਜ ਦਿੱਤਾ ਗਿਆ ਸੀ, ਜਿੰਨ੍ਹਾਂ ਨੂੰ ਬਾਅਦ 'ਚ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਬਾਬਾ ਦਿਲਬਾਗ ਸਿੰਘ ਪੁਲਸ ਦੀ ਪਹੁੰਚ ਤੋਂ ਬਾਹਰ ਸੀ।
ਕਾਫੀ ਸਮੇਂ ਤੋਂ ਪੁਲਸ ਨਾਲ ਬਾਬਾ ਖੇਡ ਰਿਹਾ ਸੀ ਲੁਕਣ-ਮਿਚੀ - ਬਲਜਿੰਦਰ ਸਿੰਘ
ਥਾਣਾ ਮੁੱਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਦਿਲਬਾਗ ਸਿੰਘ ਪਿਛਲੇ ਕਾਫੀ ਸਮੇਂ ਤੋਂ ਪੁਲਸ ਨਾਲ ਲੁਕਣ ਮਿੱਚੀ ਵਾਲੀ ਖੇਡ, ਖੇਡ ਰਿਹਾ ਸੀ, ਜਿਸ ਨੂੰ ਗੁੱਪਤ ਸੂਚਨਾਂ ਦੇ ਅਧਾਰ 'ਤੇ ਥਾਣਾ ਛੇਹਰਟਾ (ਅੰਮ੍ਰਿਤਸਰ) ਤੋਂ ਸੋਮਵਾਰ ਦੇਰ ਸ਼ਾਮ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਉਹ ਕਿਸੇ ਵਿਰੁੱਧ ਝਗੜੇ ਦੇ ਸਬੰਧ 'ਚ ਪੁਲਸ ਨੂੰ ਸ਼ਿਕਾਇਤ ਦੇਣ ਆਇਆ ਸੀ। ਥਾਣਾ ਮੁੱਖੀ ਨੇ ਦੱਸਿਆ ਕਿ ਬਾਬਾ ਦਿਲਬਾਗ ਸਿੰਘ ਵਿਰੁੱਧ ਮਿਤੀ 28 ਅਕਤੂਬਰ 2017 ਨੂੰ ਇਕ ਹੋਰ ਮੁਕਦਮਾਂ ਨੰਬਰ 75 ਵੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਜ ਕੀਤਾ ਗਿਆ ਹੈ, ਜਿਸ ਵਿਚ ਵੀ ਉਹ ਪੁਲਸ ਨੂੰ ਲੋੜੀਦਾਂ ਹੈ। ਉਨ੍ਹਾਂ ਦੱਸਿਆ ਬਾਬਾ ਦਿਲਬਾਗ ਸਿੰਘ ਨੂੰ ਉਕਤ ਮਾਮਲੇ 'ਚ ਪ੍ਰੋਡੈਕਸ਼ਨ ਵਰੰਟ 'ਤੇ ਪੁੱਛਗਿੱਛ ਲਈ ਜਲਦ ਹੀ ਪੁਲਸ ਹਿਰਾਸਤ 'ਚ ਥਾਣੇ ਲਿਆਂਦਾ ਜਾਵੇਗਾ।
ਸਿਆਸੀ ਸ਼ੈਅ 'ਤੇ ਪੁਲਸ ਵੱਲੋਂ ਉਸ ਦੇ ਵਿਰੁੱਧ ਕੀਤੇ ਜਾ ਰਹੇ ਹਨ ਝੂਠੇ ਕੇਸ ਦਰਜ- ਬਾਬਾ ਦਿਲਬਾਗ ਸਿੰਘ
ਪੁਲਸ ਹਿਰਾਸਤ 'ਚ ਲਏ ਗਏ ਬਾਬਾ ਦਿਲਬਾਗ ਸਿੰਘ ਨੇ ਪੁਲਸ 'ਤੇ ਉਸ ਵਿਰੋਧ ਸਿਆਸੀ ਸੈਅ 'ਤੇ ਝੂਠੇ ਕੇਸ ਦਰਜ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕੁਝ ਕਾਂਗਰਸ ਦੇ ਨੁਮਾਇੰਦਿਆਂ ਦੇ ਇਸ਼ਾਰੇ 'ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਕੰਮ ਕਰ ਰਹੀ ਹੈ ਅਤੇ ਕਠਪੁਤਲੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਬੇਜ਼ੁਬਾਨੀਆਂ ਆਵਾਰਾ ਸੈਂਕੜੇ ਗਊਆਂ ਦੀ ਸਾਂਭ ਸੰਭਾਲ ਕਰ ਰਿਹਾ ਹੈ ਅਤੇ ਕੁਝ ਲੋਕ ਉਨ੍ਹਾਂ ਨੂੰ ਡੇਰੇ ਚੋਂ ਭਜਾਉਣਾ ਚਾਹੁੰਦੇ ਹਨ। ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਰਜ ਉਕਤ ਕੇਸ ਸਬੰਧੀ ਐੱਸ.ਐੱਸ.ਪੀ. ਕੋਲ ਪੜਤਾਲ ਵੀ ਲਵਾਈ ਗਈ ਸੀ, ਜੋ ਅਜੇ ਵਿਚਾਰ ਅਧੀਨ ਚੱਲ ਰਹੀ ਹੈ, ਪਰ ਪੁਲਸ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ। ਬਾਬਾ ਦਿਲਬਾਗ ਸਿੰਘ ਨੇ ਕਿਹਾ ਕਿ ਉਹ ਹਲਾਤਾਂ ਦਾ ਡੱਟ ਕੇ ਸਾਹਮਣਾ ਕਰਨਗੇ, ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ ਅਤੇ ਕਾਨੂੰਨ ਦੇ ਸਹਿਯੋਗ ਨਾਲ ਉਨ੍ਹਾਂ ਸਮੇਤ ਉਨ੍ਹਾਂ ਦੇ ਸਾਥੀਆਂ ਵਿਰੋਧ ਦਰਜ ਕੇਸਾਂ ਨੂੰ ਝੂਠੇ ਸਾਬਤ ਜਰੂਰ ਕਰਨਗੇ।