ਪ੍ਰੇਮ ਸੰਬੰਧਾਂ ਦੀ ਰੰਜਿਸ਼ ’ਚ ਵੱਡੀ ਵਾਰਦਾਤ, ਵੀਡੀਓ ’ਚ ਦੇਖੋ ਕਿਵੇਂ 30-35 ਨੌਜਵਾਨਾਂ ਨੇ ਘਰ ਆ ਕੇ ਚਲਾਈਆਂ ਤਲਵਾਰਾਂ

Monday, May 01, 2023 - 06:30 PM (IST)

ਫਰੀਦਕੋਟ (ਜਗਤਾਰ) : ਫਰੀਦਕੋਟ ਵਿਚ ਪ੍ਰੇਮ ਸਬੰਧਾਂ ਕਾਰਨ ਪੈਦਾ ਹੋਈ ਰੰਜਿਸ਼ ਨੇ ਇੰਨਾਂ ਭਿਆਨਕ ਰੂਪ ਧਾਰ ਲਿਆ ਕਿ ਇਕ ਪਰਿਵਾਰ ਨੂੰ ਆਪਣੀ ਜਾਨ ਬਚਾਉਣ ਲਈ ਛੱਤ ਤੋਂ ਕਥਿਤ ਤੌਰ 'ਤੇ ਛਾਲ ਮਾਰ ਕੇ ਗੁਆਂਢੀਆਂ ਘਰ ਲੁਕਣਾਂ ਪਿਆ ਪਰ ਹਮਲਾਵਰਾਂ ਵੱਲੋਂ ਘਰ ਦਾ ਸਾਰਾ ਕੀਮਤੀ ਸਾਮਾਨ ਤਹਿਸ-ਨਹਿਸ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵੱਡੀ ਗਿਣਤੀ 'ਚ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕਿ ਇਕ ਘਰ 'ਤੇ ਹਮਲਾ ਕਰ ਕੇ ਭੰਨ-ਤੋੜ ਕਰ ਰਹੇ ਹਨ। ਹਮਲਾਵਰਾਂ ਦੇ ਇਸ ਹਮਲੇ ਵਿਚ ਮਕਾਨ ਮਾਲਕਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਨਾਲ ਲੱਗਦੇ ਘਰ ਦੀ ਛੱਤ 'ਤੇ ਸੌਂ ਰਿਹਾ ਨਾਬਾਲਗ ਹਮਲਾਵਰਾਂ ਵੱਲੋਂ ਚਲਾਈ ਇੱਟ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਲਸ ਵੱਲੋਂ ਇਸ ਮਾਮਲੇ ਵਿਚ ਜਿੱਥੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ ਉੱਥੇ ਹੀ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਲਈ ਪੀੜਤ ਪਰਿਵਾਰ ਗੁਹਾਰ ਲਗਾ ਰਿਹਾ ਹੈ।

ਇਹ ਵੀ ਪੜ੍ਹੋ- ਮਖੂ ’ਚ ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ, ਘਰਾਂ ’ਚ ਵਿਛ ਗਏ ਸੱਥਰ

ਜਾਣਕਾਰੀ ਮੁਤਾਬਕ ਇਹ ਮਾਮਲਾ ਮਾਮਲਾ ਫਰੀਦਕੋਟ ਦੇ ਮਹੁੱਲਾ ਮਾਹੀਖਾਨਾਂ ਦੇ ਇਕ ਘਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਨੰਬਰ ਗਲੀ ਵਿਚ ਰਹਿਣ ਵਾਲੇ ਇਕ ਨੌਜਵਾਨ ਦੇ ਘਰ ਕੁਝ ਲੋਕਾਂ ਨੇ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਭੰਨ-ਤੋੜ ਕੀਤੀ। ਇਸ ਸੰਬੰਧੀ ਜਦੋਂ ਮੌਕੇ 'ਤੇ ਜਾ ਕੇ ਪੀੜਤ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਮਕਾਨ ਮਾਲਕ ਨੌਜਵਾਨ ਨੇ ਦੱਸਿਆ ਕਿ ਉਹ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਹੈ। ਦੇਰ ਰਾਤ ਉਸ ਨੇ ਆਪਣੇ ਭਰਾ ਨੂੰ ਰੇਹੜੀ 'ਤੇ ਕਿਸੇ ਕੰਮ ਸੰਬੰਧੀ ਬੁਲਾਇਆ ਸੀ। ਇਸ ਦੌਰਾਨ ਜਦੋਂ ਉਸ ਦਾ ਭਰਾ ਉਸ ਨਾਲ ਕੰਮਕਾਰ ਕਰਵਾ ਕੇ ਜਦੋਂ ਘਰ ਆਉਣ ਲੱਗਾ ਤਾਂ ਉਸ ਨੂੰ ਕਿਸੇ ਦੋਸਤ ਦਾ ਫੋਨ ਆਇਆ ਤਾਂ ਉਹ ਆਪਣੇ ਦੋਸਤ ਕੋਲ ਚਲਾ ਗਿਆ। ਉਨ੍ਹਾਂ ਦੱਸਿਆ ਕਿ ਰਾਹ ਵਿਚ ਕੁਝ ਲੋਕਾਂ ਨੇ ਉਸ ਦੇ ਭਰਾ ਅਤੇ ਉਸ ਦੇ ਦੋਸਤ ਦੀ ਕਾਫ਼ੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਭਰਾ ਦਾ ਦੋਸਤ ਹਸਪਤਾਲ ਭਰਤੀ ਹੋ ਗਿਆ ਪਰ ਉਸ ਦਾ ਭਰਾ ਦਾਖ਼ਲ ਨਹੀਂ ਹੋਇਆ।

ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਜਦੋਂ ਉਹ ਆਪਣਾਂ ਕੰਮ ਕਾਰ ਬੰਦ ਕਰ ਕੇ ਘਰ ਆ ਗਿਆ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਭੰਨਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਸ ਨੇ ਆਪਣੇ ਬੱਚਿਆ, ਪਤਨੀ ਅਤੇ ਮਾਂ ਨੂੰ ਆਪਣੇ ਘਰ ਦੀ ਛੱਤ ਰਾਹੀਂ ਆਪਣੇ ਗੁਆਂਢੀਆਂ ਘਰ ਲੁੱਕਾ ਦਿੱਤਾ ਪਰ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਭੰਨ ਕੇ ਅੰਦਰ ਆ ਕੇ ਘਰ ਦਾ ਸਾਰਾ ਸਾਮਾਨ ਤੋੜ ਦਿੱਤਾ ਤੇ ਉਨ੍ਹਾਂ ਬਹੁਤ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਜਾਣਕਾਰੀ ਮੁਤਾਬਕ ਉਸ ਦੇ ਭਰਾ ਦੀ ਮੁਹੱਲੇ ਦੇ ਕੁਝ ਲੋਕਾਂ ਨਾਲ ਪੁਰਾਣੀ ਰੰਜਿਸ਼ ਹੈ, ਜਿਸ ਕਾਰਨ ਉਹ ਉਸ ਨਾਲ ਅਕਸਰ ਲੜਦੇ-ਝਗੜਦੇ ਰਹਿੰਦੇ ਹਨ। ਇਸੇ ਰੰਜਿਸ਼ ਤਹਿਤ ਅੱਜ ਉਨ੍ਹਾਂ ਨੇ ਘਰ ਆ ਕੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਕਤ ਹਮਲਾਵਰ ਉਨ੍ਹਾਂ ਦੇ ਘਰ ਦੀ ਭੰਨ-ਤੋੜ ਕਰ ਰਹੇ ਸਨ ਤਾਂ ਉਨ੍ਹਾਂ ਕਈ ਵਾਰ ਪੁਲਸ ਨੂੰ ਫੋਨ ਕੀਤਾ ਪਰ ਕਰੀਬ ਇੱਕ ਘੰਟੇ ਬਾਅਦ ਪੁਲਸ ਮੌਕੇ 'ਤੇ ਪਹੁੰਚੀ। ਉਨ੍ਹਾਂ ਆਖਿਆ ਕਿ ਇਹ ਸ਼ਰੇਆਮ ਗੁੰਡਾਗਰਦੀ ਹੈ, ਜਿਸ ਦਾ ਇਨਸਾਫ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਸ਼ਰਾਬੀ ਪੁੱਤ ਦੀ ਨਿੱਤ ਦੀ ਕੁੱਟਮਾਰ ਤੋਂ ਦੁਖ਼ੀ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਕੇ ਨੇ ਪੁੱਤ ਦਾ ਹੀ ਕਰ ਦਿੱਤਾ ਕਤਲ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ.  ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਨੇ ਕਿ ਜੋ ਸ਼ੋਸਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ ਉਹ ਮੁਹੱਲਾ ਮਾਹੀਖਾਨਾਂ ਦੀ ਹੈ ਜਿੱਥੇ ਦੇਰ ਰਾਤ ਕੁਝ ਲੋਕਾਂ ਨੇ ਇਕ ਪਰਿਵਾਰ ਦੇ ਘਰ 'ਤੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿਚ ਕਿਸੇ ਵੀ ਪਰਿਵਾਰਕ ਮੈਂਬਰ ਦੇ ਜ਼ਖ਼ਮੀ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ। ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ 'ਤੇ 5 ਲੋਕਾਂ ਖ਼ਿਲਾਫ਼ ਅਤੇ ਕੁਝ ਅਣਪਛਾਤਿਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਤਹਿਤ ਹੋਇਆ ਹੈ ਅਤੇ ਇਹ ਰੰਜਿਸ਼ ਪ੍ਰੇਮ ਸੰਬੰਧਾਂ ਕਾਰਨ ਹੈ। ਪੁਲਸ ਵੱਲੋਂ ਹਰ ਪਹਿਲੂ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਨੋਟ- ਇਸ ਖ਼ਬਕ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News