ਪਿੰਡ ਸੇਖਾ ਕਲਾਂ ’ਚ ਪੁਲਸ ਵੱਲੋਂ ਘੇਰਾਬੰਦੀ ਨਾਲ ਬਣਿਆ ਦਹਿਸ਼ਤ ਦਾ ਮਾਹੌਲ
Wednesday, Aug 11, 2021 - 09:24 PM (IST)

ਸਮਾਲਸਰ(ਸੇਖਾ)- ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਕਲਾਂ ਵਿਚ ਗਲਤ ਅਨਸਰ ਛਿਪੇ ਹੋਣ ਦੀ ਪ੍ਰਸ਼ਾਸਨ ਨੂੰ ਸੂਚਨਾ ਮਿਲਣ ’ਤੇ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਜ਼ਿਲ੍ਹੇ ਦੀ ਸਮੁੱਚੀ ਭਾਰੀ ਪੁਲਸ ਫੋਰਸ ਨੇ ਪਿੰਡ ਸੇਖਾ ਕਲਾਂ ਦੀ ਅਚਨਚੇਤ ਘੇਰਾਬੰਦੀ ਕਰਦਿਆਂ ਮੁਕੰਮਲ ਤੌਰ ’ਤੇ ਸੀਲ ਕਰ ਕਰਨ ਨਾਲ ਪਿੰਡ ਵਿਚ ਇਕ ਦਮ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲਗਭਗ ਦੋ ਘੰਟੇ ਚੱਲੇ ਸਰਚ ਅਭਿਆਨ ਦੌਰਾਨ ਪੁਲਸ ਫੋਰਸ ਨੇ ਪਿੰਡ ਦੇ ਵੱਖ-ਵੱਖ ਘਰਾਂ ’ਚ ਤਲਾਸ਼ੀ ਲੈਣ ਤੋਂ ਇਲਾਵਾ ਰਾਜੇਆਣਾ ਰੋਡ ’ਤੇ ਪੈਂਦੇ ਖੇਤਾਂ ਵਿਚ ਇਕ ਪਰਿਵਾਰ ਦੇ ਮੁਖੀ ਉਸ ਦੇ ਪੁੱਤਰ ਸਮੇਤ 7 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਦੀ PM ਮੋਦੀ ਨਾਲ ਮੁਲਾਕਾਤ, ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਪਰਿਵਾਰ ਦੇ ਘਰ ਵਿਚ ਪਿਛਲੇ ਦੋ ਮਹੀਨੇ ਤੋਂ ਰਹਿੰਦਾ ਇਕ ਮਜ਼ਦੂਰ ਜੋ ਕਿ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਪਿੰਡ ਭਾਈ ਰੂਪੇ ਦਾ ਵਾਸੀ ਦੱਸਿਆ ਜਾ ਰਿਹਾ ਹੈ, ਇਸ ਪੂਰੇ ਮਾਮਲੇ ਦਾ ਮੋਹਰਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰੀ ਗਿਣਤੀ ਵਿਚ ਇੱਥੇ ਅਚਨਚੇਤ ਪੁੱਜੀ ਪੁਲਸ ਪਾਰਟੀ ਨੇ ਇਸ ਸਰਚ ਅਭਿਆਨ ਦੌਰਾਨ ਪਿੰਡੋਂ ਬਾਹਰਲਿਆਂ ਨੂੰ ਨਾ ਤਾਂ ਅੰਦਰ ਦਾਖਲ ਹੋਣ ਦਿੱਤਾ ਅਤੇ ਨਾ ਹੀ ਪਿੰਡ ਵਾਲਿਆਂ ਨੂੰ ਬਾਹਰ ਜਾਣ ਦਿੱਤਾ, ਇੱਥੋਂ ਤੱਕ ਕਿ ਮੀਡੀਆ ਕਰਮੀਆਂ ਨੂੰ ਇਸ ਮਾਮਲੇ ਦੀ ਕਿਸੇ ਤਰ੍ਹਾਂ ਦੀ ਭਿਣਕ ਦੇਣ ਤੋਂ ਇਨਕਾਰ ਕਰਦਿਆਂ ਚਿੜੀ ਤੱਕ ਨਹੀਂ ਫੜਕਣ ਦਿੱਤੀ।
ਇਹ ਵੀ ਪੜ੍ਹੋ- ਮੋਗਾ ਦੇ ਸਰਕਾਰੀ ਸਕੂਲ ’ਚ ਕੋਰੋਨਾ ਦੀ ਦਸਤਕ, ਇਕ ਵਿਦਿਆਰਥੀ ਆਇਆ ਪਾਜ਼ੇਟਿਵ
ਲੰਘਣ ਵਾਲੇ ਲੋਕਾਂ ਨੂੰ ਲਗਭਗ ਦੋ ਘੰਟੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਿਰਾਸਤ ਵਿਚ ਲਏ ਗਏ ਵਿਅਕਤੀਆਂ ’ਚ ਲਛਮਣ ਸਿੰਘ ਅਤੇ ਉਸਦਾ ਪੁੱਤਰ ਗਗਨਦੀਪ ਸਿੰਘ ਗੱਗੀ ਜੋ ਆਪਣੇ ਘਰ ’ਚ ਉਸਾਰੀ ਦਾ ਕੰਮ ਕਰਵਾ ਰਹੇ ਸਨ। ਅਚਨਚੇਤ ਪੁਲਸ ਦਾਖ਼ਲ ਹੁੰਦਿਆਂ ਪੁਲਸ ਨੇ ਕੰਮ ਕਰਨ ਵਾਲੇ ਮਿਸਤਰੀ ਦਰਸ਼ਨ ਸਿੰਘ ਜੋ ਸੇਖਾ ਕਲਾਂ ਦਾ ਵਾਸੀ ਦੱਸਿਆ ਜਾ ਰਿਹਾ ਹੈ ਅਤੇ 4 ਵਿਅਕਤੀ ਲੇਬਰ ਵਾਲੇ ਜਿਨ੍ਹਾਂ ਵਿਚੋਂ ਇਕ ਵਿਅਕਤੀ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਪਿੰਡ ਭਾਈ ਰੂਪਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਸਮੇਤ ਸੱਤ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ। ਇਸ ਪੂਰੇ ਮਾਮਲੇ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਕਿਆਸ ਅਰਾਈਆਂ ਸੁਣਨ ਨੂੰ ਮਿਲੀਆਂ ਪਰ ਪੁਲਸ ਦੇ ਕਿਸੇ ਵੀ ਅਧਿਕਾਰੀ ਵੱਲੋਂ ਹਿਰਾਸਤ ’ਚ ਲਏ ਵਿਅਕਤੀਆਂ ਅਤੇ ਸਰਚ ਅਭਿਆਨ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ।