ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਵੱਡੀ ਹਾਰ ਤੋਂ ਬਾਅਦ ਪਾਰਟੀ ’ਚ ਉੱਠੀ ਬਗਾਵਤ
Friday, Mar 11, 2022 - 03:41 PM (IST)
ਪਟਿਆਲਾ (ਮਨਦੀਪ ਜੋਸਨ) : ਅਕਾਲੀ ਦਲ ਦੀ ਹੋਈ ਵੱਡੀ ਹਾਰ ਤੋਂ ਬਾਅਦ ਪਾਰਟੀ ’ਚ ਬਗਾਵਤ ਵੀ ਸ਼ੁਰੂ ਹੋ ਗਈ ਹੈ। ਟੌਹੜਾ ਪਰਿਵਾਰ ਦੇ ਵਾਰਿਸ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਅਤੇ ਯੂਥ ਅਕਾਲੀ ਦਲ ਬਾਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਟੌਹੜਾ ਨੇ ਅਕਾਲੀ ਦਲ ਦੀ ਨਮੋਸ਼ੀਜਨਕ ਹਾਰ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਤੁਰੰਤ ਅਸਤੀਫ਼ਾ ਮੰਗ ਲਿਆ ਹੈ। ਹਰਿੰਦਰਪਾਲ ਟੌਹੜਾ ਨੇ ਪਾਰਟੀ ਦੀ ਹਾਰ ਲਈ ਸ. ਬਾਦਲ ਦੇ ਆਪਹੁਦਰੇਪਣ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਕਿ ਬਾਦਲ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ।
ਇਹ ਵੀ ਪੜ੍ਹੋ : ਪਟਿਆਲਾ ’ਚ ਹਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਬਿਆਨ
ਟੌਹੜਾ ਨੇ ਕਿਹਾ ਕਿ ਬਾਦਲ ਦੀ ਅਗਵਾਈ ’ਚ ਇਹ ਪਾਰਟੀ ਦੀ ਸਭ ਤੋਂ ਨਮੋਸ਼ੀਜਨਕ ਅਤੇ ਲਗਾਤਾਰ ਦੂਜੀ ਹਾਰ ਹੈ ਅਤੇ ਪੰਜਾਬ ਨੇ ਬਾਦਲ ਪਰਿਵਾਰ ਦੀ ਅਗਵਾਈ ਕਬੂਲਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਸੁਖਬੀਰ ਬਾਦਲ ਨੂੰ ਹੁਣ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਟੌਹੜਾ ਨੇ ਦੋਸ਼ ਲਾਇਆ ਕਿ ਬਾਦਲ ਪਰਵਾਰ ਦੀ ਪਾਰਟੀ ’ਤੇ ਕਬਜ਼ਾ ਜਮਾਉਣ ਅਤੇ ਪੰਥ ਅਤੇ ਪੰਜਾਬ ਨਾਲੋਂ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਦੀ ਨੀਤੀ ਨੇ ਉਸ ਪਾਰਟੀ ਨੂੰ ਹਾਸ਼ੀਏ ’ਤੇ ਪਹੁੰਚਾ ਦਿੱਤਾ ਹੈ, ਜਿਸ ਨੂੰ ਅਨੇਕਾਂ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਖੜ੍ਹਾ ਕੀਤਾ ਸੀ। ਇਸ ਦੇ ਨਾਲ ਹੀ ਟੌਹੜਾ ਨੇ ਪੰਥਕ ਸਿਆਸਤ ਪ੍ਰਤੀ ਚਿੰਤਾ ਵਿਅਕਤ ਕਰਦਿਆਂ ਸਮੁੱਚੀ ਪੰਥਕ ਅਤੇ ਪੰਜਾਬ ਹਿਤੈਸ਼ੀ ਲੀਡਰਸ਼ਿਪ, ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਭਵਿੱਖ ਦੀ ਸਿਆਸੀ ਰੂਪ-ਰੇਖਾ ਉਲੀਕਣ ਲਈ ਇਕਜੁੱਟ ਹੋਣ।
ਇਹ ਵੀ ਪੜ੍ਹੋ : ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਹਾਰੇ, ‘ਆਪ’ ਦੇ ਅਜੀਤਪਾਲ 19,697 ਦੇ ਫਰਕ ਨਾਲ ਜੇਤੂ
ਸੁਖਬੀਰ ਨੇ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਕਰਨ ਵਾਲੇ ਟੌਹੜਾ ਪਰਿਵਾਰ ਦੀ ਵੀ ਕੱਟੀ ਸੀ ਟਿਕਟ
ਪੰਜਾਬ ਦੀ ਸੱਤਾ ਦੇ ਸੁਫ਼ਨੇ ਲੈਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਵਾਰ ਟੌਹੜਾ ਪਰਿਵਾਰ ਦੇ ਵਾਰਿਸ ਹਰਿੰਦਰਪਾਲ ਸਿੰਘ ਟੌਹੜਾ ਦੀ ਟਿਕਟ ਵੀ ਕੱਟ ਦਿੱਤੀ ਸੀ। ਜ਼ਿਲ੍ਹੇ ਦੇ ਬਹੁਤ ਸਾਰੇ ਲੀਡਰਾਂ ਨੇ ਵੀ ਸੁਖਬੀਰ ਬਾਦਲ ਨੂੰ ਬੇਨਤੀ ਕੀਤੀ ਸੀ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪ੍ਰਭਾਵ ਅਜੇ ਵੀ ਜਿਉਂਦਾ ਹੈ। ਇਸ ਲਈ ਟੌਹੜਾ ਪਰਿਵਾਰ ਦੀ ਟਿਕਟ ਨਾ ਕੱਟੀ ਜਾਵੇ। ਇਥੇ ਹੀ ਬਸ ਨਹੀਂ, ਟੌਹੜਾ ਪਰਿਵਾਰ ਦੇ ਸਹੁਰਾ ਪਰਿਵਾਰ ਅਤੇ ਅਕਾਲੀ ਦਲ ਲਈ ਸਮੁੱਚੀ ਜ਼ਿੰਦਗੀ ਲਾਉਣ ਵਾਲੇ ਮੁਖਮੈਲਪੁਰ ਪਰਿਵਾਰ ਦੀ ਵੀ ਟਿਕਟ ਕਟ ਦਿੱਤੀ ਸੀ। ਦੋ ਪੰਥਕ ਪਰਿਵਾਰਾਂ ਦੀਆਂ ਟਿਕਟਾਂ ਪਟਿਆਲਾ ਜ਼ਿਲ੍ਹੇ ਅੰਦਰੋਂ ਉਡੀਆਂ ਸਨ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਪਟਿਆਲਾ ਜ਼ਿਲ੍ਹੇ ਦੀਆਂ 8 ਸੀਟਾਂ ’ਤੇ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਦੇ ਉਮੀਦਵਾਰ 50-50 ਹਜ਼ਾਰ ’ਤੇ ਹਾਰੇ ਹੋਣ। ਇਥੋਂ ਤੱਕ ਤਾਂ ਕਈ ਹਲਕਿਆਂ ’ਚ ਅਕਾਲੀ ਦਲ ਚੌਥੇ ਨੰਬਰ ’ਤੇ ਪੁੱਜ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੂਰਬੀ ਹਲਕੇ ’ਚ ਹਾਰੇ ਨਵਜੋਤ ਸਿੰਘ ਸਿੱਧੂ, ‘ਆਪ’ ਦੀ ਜੀਵਨ ਜੋਤ ਕੌਰ ਜੇਤੂ ਕਰਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?