ਵੀਡੀਓ, ਖਾਕੀ ਫਿਰ ਦਾਗਦਾਰ, ASI ਵੱਲੋਂ ਨਾਬਾਲਿਗ ਨਾਲ ਦੁਸ਼ਕਰਮ ਦੀ ਕੋਸ਼ਿਸ਼

12/29/2019 8:54:44 AM

ਬਟਾਲਾ, (ਬੇਰੀ, ਚਾਵਲਾ)— ਨਸ਼ੇ 'ਚ ਟੱਲੀ ਪੰਜਾਬ ਪੁਲਸ ਦੇ ਇਕ ਥਾਣੇਦਾਰ ਵੱਲੋਂ ਗੰਦੀ ਕਰਤੂਤ ਸਾਹਮਣੇ ਆਈ ਹੈ, ਜੋ ਕਰਤੂਤ ਉਸ ਦੀ ਸਾਹਮਣੇ ਆਈ ਹੈ ਉਸ ਨੇ ਵਰਦੀ ਨੂੰ ਤਾਂ ਦਾਗਦਾਰ ਕੀਤਾ ਹੀ ਹੈ ਨਾਲ ਹੀ ਥਾਣੇਦਾਰ ਦਾ ਦਰਿੰਦਗੀ ਭਰਿਆ ਚਿਹਰਾ ਵੀ ਸਾਹਮਣੇ ਲੈ ਆਉਂਦਾ ਹੈ। ਬਟਾਲਾ ਦੇ ਮਹਾਵੀਰ ਨਗਰ ਟਾਂਗੇ ਵਾਲੀ ਗਲੀ 'ਚ ਰਹਿਣ ਵਾਲੇ ਏ. ਐੱਸ. ਆਈ. ਸੁਰਿੰਦਰ ਕੁਮਾਰ 'ਤੇ ਦੋਸ਼ ਲੱਗੇ ਨੇ ਕਿ ਉਹ ਗੁਆਂਢੀ ਦੀ 14 ਸਾਲਾ ਨਬਾਲਿਗ ਬੱਚੀ ਨੂੰ ਗਲਤ ਇਰਾਦੇ ਨਾਲ ਆਪਣੇ ਘਰ ਲੈ ਗਿਆ, ਉਸ ਸਮੇਂ ਥਾਣੇਦਾਰ ਦੇ ਪਰਿਵਾਰਿਕ ਮੈਂਬਰ ਘਰ 'ਚ ਮੌਜੂਦ ਨਹੀਂ ਸਨ। ਲੋਕਾਂ ਨੇ ਥਾਣੇਦਾਰ ਨੂੰ ਬੱਚੀ ਨੂੰ ਘਰ ਲੈ ਜਾਂਦੇ ਦੇਖਿਆ ਤਾਂ ਰੌਲਾ ਪਾ ਦਿੱਤਾ, ਫਿਰ ਬੱਚੀ ਨੂੰ ਘਰੋਂ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਕਿ ਥਾਣੇਦਾਰ ਨੇ ਸ਼ਰਾਬ ਪੀਤੀ ਹੋਈ ਸੀ।

 

 

ਜਾਣਕਾਰੀ ਦਿੰਦੇ ਹੋਏ ਐੱਸ. ਪੀ. ਹੈੱਡਕੁਆਰਟਰ ਜਸਬੀਰ ਸਿੰਘ ਰਾਏ ਨੇ ਦੱਸਿਆ ਕਿ ਬਟਾਲਾ ਦੇ ਥਾਣਾ ਸਦਰ 'ਚ ਬਤੌਰ ਏ. ਐੱਸ. ਆਈ. ਦੀ ਡਿਊਟੀ ਕਰਦੇ ਸੁਰਿੰਦਰ ਕੁਮਾਰ ਵਾਸੀ ਮਹਾਵੀਰ ਨਗਰ, ਡੇਰਾ ਰੋਡ ਬਟਾਲਾ ਅੱਜ ਛੁੱਟੀ ਦੌਰਾਨ ਆਪਣੇ ਘਰ 'ਚ ਇਕੱਲਾ ਸੀ ਕਿ ਮੌਕਾ ਪਾਉਂਦੇ ਹੀ ਉਕਤ ਏ. ਐੱਸ. ਆਈ. ਵੱਲੋਂ ਆਪਣੀ ਕੋਠੀ 'ਚ ਆਪਣੇ ਗੁਆਂਢ 'ਚ ਰਹਿਣ ਵਾਲੀ ਚੌਥੀ ਜਮਾਤ 'ਚ ਪੜ੍ਹਦੀ ਬੱਚੀ ਨੂੰ ਇਹ ਕਹਿ ਕੇ ਬੁਲਾਇਆ ਗਿਆ ਕਿ ਉਸ ਦੀ ਬੇਟੀ ਉਸ ਨੂੰ ਬੁਲਾ ਰਹੀ ਹੈ। ਐੱਸ. ਪੀ. ਰਾਏ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਏ. ਐੱਸ. ਆਈ. ਸੁਰਿੰਦਰ ਕੁਮਾਰ ਨੇ ਬੱਚੀ ਦੇ ਕਮਰੇ 'ਚ ਆਉਣ ਤੋਂ ਬਾਅਦ ਕਮਰੇ ਨੂੰ ਬੰਦ ਕਰ ਦਿੱਤਾ ਤੇ ਉਸੇ ਦੌਰਾਨ ਮੁਹੱਲੇ ਦੇ ਹੀ ਕਿਸੇ ਵਿਅਕਤੀ ਨੇ ਬੱਚੀ ਨੂੰ ਅੰਦਰ ਜਾਂਦੇ ਦੇਖ ਲਿਆ ਤੇ ਕੁਝ ਸਮੇਂ ਬਾਅਦ ਕੋਠੀ ਅੰਦਰੋਂ ਬੱਚੀ ਦੇ ਚੀਕਣ ਦੀ ਆਵਾਜ਼ ਆਈ ਤਾਂ ਤੁਰੰਤ ਮੁਹੱਲੇ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਡਰ ਦੇ ਮਾਰੇ ਏ. ਐੱਸ. ਆਈ. ਸੁਰਿੰਦਰ ਕੁਮਾਰ ਨੇ ਬੱਚੀ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ ਤੇ ਖੁਦ ਅੰਦਰੋਂ ਕਮਰੇ ਨੂੰ ਬੰਦ ਕਰ ਲਿਆ।
ਇਸ ਬਾਰੇ ਸੂਚਨਾ ਮਿਲਣ 'ਤੇ ਤੁਰੰਤ ਡੀ. ਐੱਸ. ਪੀ. ਸਿਟੀ ਬੀ. ਕੇ. ਸਿੰਗਲਾ ਅਤੇ ਥਾਣਾ ਸਿਵਲ ਲਾਈਨ ਦੀ ਪੁਲਸ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਨੇ ਲੋਕਾਂ ਵੱਲੋਂ ਏ. ਐੱਸ. ਆਈ. ਦਾ ਵਿਰੋਧ ਹੁੰਦਾ ਦੇਖ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਉਕਤ ਏ. ਐੱਸ. ਆਈ. ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣੇ ਲਿਆਂਦਾ। ਰਾਏ ਨੇ ਇਹ ਵੀ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੀੜਤ ਨਾਬਾਲਿਗਾ ਦੀ ਦਾਦੀ ਦੇ ਬਿਆਨਾਂ ਦੇ ਆਧਾਰ 'ਤੇ ਏ. ਐੱਸ. ਆਈ. ਸੁਰਿੰਦਰ ਕੁਮਾਰ ਵਿਰੁੱਧ ਕੇਸ ਦਰਜ ਕਰਨ ਉਪਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।


Related News