ਬਿਜਲੀ-ਪਾਣੀ ਦੇ ਬਿੱਲ ਨੂੰ ਲੈ ਕੇ ਹੋਏ ਝਗੜੇ ''ਚ ASI ਨੇ ਕੀਤਾ ਭਰਾ-ਭਰਜਾਈ ਦਾ ਕਤਲ
Tuesday, Nov 15, 2022 - 01:57 AM (IST)
ਚੰਡੀਗੜ੍ਹ (ਸੁਸ਼ੀਲ) : ਰਾਮਦਰਬਾਰ ਵਿਚ ਪਾਣੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਛੋਟੇ ਭਰਾ ਅਤੇ ਉਸ ਦੀ ਪਤਨੀ ਦਾ ਕਤਲ ਕਰਨ ਵਾਲੇ ਪੰਜਾਬ ਪੁਲਸ ਦੇ ਏ. ਐੱਸ. ਆਈ. ਹਰਸਰੂਪ ਨੂੰ ਜ਼ਿਲ੍ਹਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 25 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਕੇਸ ਵਿਚ ਵਧੀਕ ਸੈਸ਼ਨ ਜੱਜ ਰਾਜੀਵ ਕੇ. ਬੇਰੀ ਦੀ ਅਦਾਲਤ ਨੇ ਏ. ਐੱਸ. ਆਈ. ਨੂੰ 9 ਨਵੰਬਰ ਨੂੰ ਦੋਸ਼ੀ ਠਹਿਰਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ’ਚ ਵੱਡੀ ਵਾਰਦਾਤ, ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ
ਜਾਣਕਾਰੀ ਮੁਤਾਬਕ ਇਹ ਮਾਮਲਾ 22 ਜੂਨ 2021 ਦਾ ਹੈ। ਪੰਜਾਬ ਪੁਲਸ ਵਿਚ ਤਾਇਨਾਤ ਏ. ਐੱਸ. ਆਈ. ਹਰਸਰੂਪ ਅਤੇ ਉਸ ਦਾ ਛੋਟਾ ਭਰਾ ਪ੍ਰੇਮ ਗਿਆਨ ਰਾਮਦਰਬਾਰ ਵਿਚ ਰਹਿੰਦੇ ਸਨ। ਹਰਸਰੂਪ ਸਿੰਘ ਗਰਾਊਂਡ ਫਲੋਰ ’ਤੇ ਪਰਿਵਾਰ ਸਮੇਤ ਰਹਿੰਦਾ ਸੀ। ਜਦਕਿ ਛੋਟਾ ਭਰਾ ਪ੍ਰੇਮ ਪਰਿਵਾਰ ਸਮੇਤ ਪਹਿਲੀ ਮੰਜ਼ਿਲ ’ਤੇ ਰਹਿੰਦਾ ਸੀ। ਪੁਲਸ ਅਨੁਸਾਰ ਦੋਵਾਂ ਭਰਾਵਾਂ ਵਿਚ ਬਿਜਲੀ ਅਤੇ ਪਾਣੀ ਦੇ ਬਿੱਲਾਂ ਦੀ ਵੰਡ ਨੂੰ ਲੈ ਕੇ ਝਗੜਾ ਹੋਇਆ ਸੀ। ਘਟਨਾ ਵਾਲੇ ਦਿਨ ਏ.ਐੱਸ.ਆਈ. ਨੇ ਗੁੱਸੇ ਵਿਚ ਪਹਿਲੀ ਮੰਜ਼ਿਲ ’ਤੇ ਜਾ ਕੇ ਰਾਤ ਦਾ ਖਾਣਾ ਖਾ ਰਹੇ ਛੋਟੇ ਭਰਾ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦੋਂ ਪ੍ਰੇਮ ਦੀ ਪਤਨੀ ਦਿਵਿਆ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ ’ਤੇ ਵੀ ਚਾਕੂ ਨਾਲ ਵਾਰ ਕਰ ਦਿੱਤਾ। ਦਿਵਿਆ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਕਿ ਉਸ ਦੇ ਪਤੀ ਦੀ ਤਿੰਨ ਦਿਨ ਬਾਅਦ ਜੀ. ਐੱਮ. ਸੀ. ਐੱਚ. -32 ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਦੋਵਾਂ ਭਰਾਵਾਂ ਦੀਆਂ ਪਤਨੀਆਂ ਆਪਸ ਵਿਚ ਸਕੀਆਂ ਭੈਣਾਂ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।