ਵਿਧਾਨ ਸਭਾ 'ਚ ਉੱਠਿਆ ਬੀਬੀਆਂ ਨੂੰ 1-1 ਹਜ਼ਾਰ ਰੁਪਏ ਦੇਣ ਦਾ ਮੁੱਦਾ, ਭਾਜਪਾ ਨੇ ਘੇਰੀ ਮਾਨ ਸਰਕਾਰ

Saturday, Mar 11, 2023 - 04:25 PM (IST)

ਵਿਧਾਨ ਸਭਾ 'ਚ ਉੱਠਿਆ ਬੀਬੀਆਂ ਨੂੰ 1-1 ਹਜ਼ਾਰ ਰੁਪਏ ਦੇਣ ਦਾ ਮੁੱਦਾ, ਭਾਜਪਾ ਨੇ ਘੇਰੀ ਮਾਨ ਸਰਕਾਰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸਦਨ 'ਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਾਰ ਵੱਲੋਂ ਪੰਜਾਬ ਦੀਆਂ ਬੀਬੀਆਂ ਨੂੰ 1000-1000 ਰੁਪਏ ਦੇਣ ਦਾ ਮੁੱਦਾ ਬੜੇ ਜ਼ੋਰ-ਸ਼ੋਰ ਨਾਲ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਬਜਟ ਵਾਲੇ ਦਿਨ ਸਾਰੇ ਸੂਬੇ ਦੀਆਂ ਬੀਬੀਆਂ ਸਵੇਰੇ ਬੜੇ ਚਾਅ ਨਾਲ ਉੱਠੀਆਂ ਅਤੇ ਟੀ. ਵੀ. ਅੱਗੇ ਬੈਠ ਗਈਆਂ ਕਿ ਉਨ੍ਹਾਂ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਜਾਵੇਗਾ ਪਰ ਜਦੋਂ ਵਿੱਤ ਮੰਤਰੀ ਨੇ ਕੋਈ ਐਲਾਨ ਨਾ ਕੀਤਾ ਤਾਂ ਔਰਤਾਂ ਨੇ ਸਾਰਾ ਗੁੱਸਾ ਆਪਣੇ ਬੱਚਿਆਂ 'ਤੇ ਕੱਢਿਆ। ਉਨ੍ਹਾਂ ਕਿਹਾ ਕਿ ਜੋ ਮਰਜ਼ੀ ਕਹਿ ਲਵੋ, ਧਿਆਨ ਸਭ ਦਾ 1000 ਰੁਪਏ ਵੱਲ ਹੀ ਜਾਂਦਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕਿਸਾਨਾਂ ਦੀ ਭਲਾਈ ਦੀ ਗੱਲ ਕਰਦੀ ਹੈ ਤਾਂ ਵੋਟਾਂ ਲੈਣ ਵੇਲੇ ਬਹੁਤ ਚੁਟਕੀਆਂ ਵਜਾਈਆਂ ਜਾਂਦੀਆਂ ਸਨ ਪਰ ਅਜੇ ਤੱਕ ਕਿਸਾਨਾਂ ਲਈ ਕੁੱਝ ਖ਼ਾਸ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਬਜਟ ਸੈਸ਼ਨ ਮਗਰੋਂ ਪੰਜਾਬ ਸਰਕਾਰ ਖ਼ਿਲਾਫ਼ ਹਾਈਕੋਰਟ ਜਾਵੇਗੀ ਕਾਂਗਰਸ, ਜਾਣੋ ਕੀ ਹੈ ਪੂਰਾ ਮਾਮਲਾ

ਇਸ 'ਤੇ ਵਿਧਾਇਕ ਮਨਜੀਤ ਸਿੰਘ ਗਿਆਸਪੁਰਾ ਨੇ ਉਨ੍ਹਾਂ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਜਿਹੜੇ 3 ਕਾਲੇ ਕਾਨੂੰਨ ਬਣਾਏ, ਉਨ੍ਹਾਂ ਦੌਰਾਨ ਕਿੰਨੇ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕਿਸਾਨ ਮੋਦੀ ਸਰਕਾਰ ਦੇ ਰਾਜ 'ਚ ਪੂਰੀ ਤਰ੍ਹਾਂ ਰੁਲ੍ਹ ਗਏ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬੀਆਂ ਨਾਲ ਪਿਆਰ ਹੈ। ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਨਹੀਂ ਕੀਤੀ ਅਤੇ ਲੋਕਾਂ ਨੂੰ ਸਿਰਫ ਗੁੰਮਰਾਹ ਕਰ ਰਹੀ ਹੈ। ਮੁਹੱਲਾ ਕਲੀਨਿਕਾਂ ਬਾਰੇ ਬੋਲਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ ਪਰ ਅਜੇ ਤੱਕ ਇਹ ਟਾਰਗੇਟ ਪੂਰਾ ਨਹੀਂ ਹੋ ਸਕਿਆ ਹੈ ਅਤੇ ਲੱਗਦਾ ਨਹੀਂ ਕਿ 16 ਹਜ਼ਾਰ ਮੁਹੱਲਾ ਕਲੀਨਿਕ ਪੰਜਾਬ 'ਚ ਸਰਕਾਰ ਵੱਲੋਂ ਖੋਲ੍ਹੇ ਜਾ ਸਕਣਗੇ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਗੂੰਜੇਗਾ ਨਸ਼ਿਆਂ ਦਾ ਮੁੱਦਾ, 22 ਤਾਰੀਖ਼ ਨੂੰ ਖੁੱਲ੍ਹ ਕੇ ਹੋਵੇਗੀ ਚਰਚਾ
ਕੇਂਦਰ ਵੱਲੋਂ ਫੰਡ ਰੋਕਣ ਦਾ ਮੁੱਦਾ ਵੀ ਉੱਠਿਆ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਿਨ-ਰਾਤ ਕੇਂਦਰ ਨੂੰ ਨਿੰਦ ਰਹੀ ਹੈ ਅਤੇ ਉਸ ਕੋਲੋਂ ਫੰਡ ਵੀ ਮੰਗ ਰਹੀ ਹੈ। ਇਹ ਦੋਵੇਂ ਗੱਲਾਂ ਇਕੱਠੀਆਂ ਨਹੀਂ ਚੱਲਣੀਆਂ। ਇਸ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਜੇ ਤੱਕ ਪੰਜਾਬ ਦਾ ਕਰੋੜਾਂ ਰੁਪਿਆ ਦਾ ਫੰਡ ਕੇਂਦਰ ਵੱਲ ਖੜ੍ਹਾ ਹੈ ਅਤੇ ਉਹ ਮੋਦੀ ਸਰਕਾਰ ਨੂੰ ਕਹਿਣ ਕਿ ਇਸ ਰੁਕੇ ਹੋਏ ਫੰਡ ਨੂੰ ਰਿਲੀਜ਼ ਕੀਤਾ ਜਾਵੇ, ਜਿਸ ਤੋਂ ਬਿਨਾਂ ਬਹੁਤ ਸਾਰੇ ਕੰਮ ਰੁਕੇ ਹੋਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News