ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ 'ਤੇ ਆਇਆ ਹਾਈਕੋਰਟ ਦਾ ਫੈਸਲਾ, ਜਾਰੀ ਰਹੇਗੀ ਸਮਾਧੀ

07/05/2017 4:46:04 PM

ਚੰਡੀਗੜ੍ਹ— ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੁਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ 'ਤੇ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਹਾਈਕੋਰਟ ਨੇ ਇਸ ਨੂੰ ਧਾਰਮਿਕ ਮਾਮਲਾ ਦੱਸਦੇ ਹੋਏ ਇਸ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਦੇ ਡਬਲ ਬੈਂਚ ਨੇ ਫੈਸਲਾ ਸੁਣਾਉਂਦੇ ਹੋਏ ਸਿੰਗਲ ਬੈਂਚ ਦੇ ਫੈਸਲੇ ਨੂੰ ਬਦਲ ਦਿੱਤਾ। ਇਸ ਤੋਂ ਇਲਾਵਾ ਡੀ. ਐੱਮ. ਸੀ. ਦੀ ਟੀਮ ਸਮੇਂ-ਸਮੇਂ 'ਤੇ ਆਸ਼ਰਮ ਦਾ ਦੌਰਾ ਕਰੇਗੀ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਦੀ ਜਾਂਚ ਕਰੇਗੀ। ਦੌਰੇ ਦਾ ਸਾਰਾ ਖਰਚਾ ਆਸ਼ਰਮ ਚੁੱਕੇਗਾ। ਇਸ ਲਈ 50 ਲੱਖ ਦਾ ਫੰਡ ਵੀ ਰੱਖਿਆ ਜਾਵੇਗਾ। ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਜਾਰੀ ਰਹੇਗੀ। 
ਦੂਜੇ ਪਾਸੇ ਮਹਾਰਾਜ ਦਾ ਬੇਟਾ ਹੋਣ ਦਾ ਦਾਅਵਾ ਕਰਨ ਵਾਲੇ ਦਿਲੀਪ ਝਾਅ ਦੀ ਡੀ. ਐੱਨ. ਏ. ਜਾਂਚ ਦੀ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਫਿਲਹਾਲ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਨਹੀਂ ਹੋਵੇਗਾ ਅਤੇ ਸਮਾਧੀ ਜਾਰੀ ਰਹੇਗੀ। ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦੇ ਡਰਾਈਵਰ ਪੂਰਨ ਸਿੰਘ ਨੇ ਇਸ ਦੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਹੈ। ਕਪੂਰਥਲਾ ਵਿਚ ਬੋਲਦੇ ਹੋਏ ਪੂਰਨ ਸਿੰਘ ਨੇ ਕਿਹਾ ਕਿ ਉਹ ਇਹ ਮਾਮਲਾ ਸੁਪਰੀਮ ਕੋਰਟ ਲੈ ਕੇ ਜਾਣਗੇ ਅਤੇ ਉਨ੍ਹਾਂ ਦੇ ਬੇਟੇ ਦਲੀਪ ਝਾਅ ਡੀ. ਐੱਨ. ਏ. ਟੈਸਟ ਦੀ ਵੀ ਮੰਗ ਕਰਨਗੇ ਅਤੇ ਅੱਗੋਂ ਦੀ ਲੜਾਈ ਸ਼ੁਰੂ ਕਰਨਗੇ।


Related News