ਪੰਜਾਬ ''ਚ ਕੈਪਟਨ ਦੀ ਮੰਗ, ਸਿੱਧੂ ਦੀ ਨਹੀਂ : ਆਸ਼ਾ ਕੁਮਾਰੀ
Monday, Apr 29, 2019 - 10:14 AM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਭਾਰੀ ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਭਾਵੇਂ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੂਰੇ ਦੇਸ਼ 'ਚ ਪਾਰਟੀ ਦੇ ਸਭ ਤੋਂ ਵਧੀਆ ਸਟਾਰ ਪ੍ਰਚਾਰਕ ਹਨ ਪਰ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ਹੈ, ਨਾ ਕਿ ਸਿੱਧੂ ਦੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰੇ ਉਮੀਦਵਾਰਾਂ ਦੀਆਂ ਰਿਕਵੈਸਟਾਂ ਮਿਲ ਰਹੀਆਂ ਹਨ ਕਿ ਪੰਜਾਬ 'ਚ ਕੈਪਟਨ ਦੀ ਮੰਗ ਹੈ, ਸਿੱਧੂ ਦੀ ਨਹੀਂ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਮੰਤਰੀ ਅਤੇ ਸੰਸਦ ਮੈਂਬਰ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਸ਼ਾਮਲ ਹੋਣਗੇ। ਇੱਥੋਂ ਤੱਕ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਪੰਜਾਬ ਦੇ ਦੋਆਬਾ, ਮਾਲਵਾ ਅਤੇ ਮਾਝਾ 'ਚ ਪ੍ਰਚਾਰ ਕਰਨਗੇ।
ਇਸ ਬਾਰੇ ਬੋਲਦਿਆਂ ਪਾਰਟੀ ਦੇ ਚੋਣ ਪ੍ਰਬੰਧਕ ਕਮੇਟੀ ਦੇ ਮੁਖੀ ਲਾਲ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਪਾਰਟੀ ਦੇ ਸਟਾਰ ਪ੍ਰਚਾਰਕ ਹਨ ਅਤੇ ਉਹ ਭੀੜ ਨੂੰ ਖਿੱਚ ਸਕਦੇ ਹਨ, ਇਸ ਲਈ ਪੰਜਾਬ 'ਚ ਉੁਨ੍ਹਾਂ ਦੀ ਮੰਗ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁਹਿੰਮ 'ਚ ਮੁੱਖ ਚਿਹਰਾ ਹਨ। ਉੱਥੇ ਹੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਸਿੱਧੂ ਇਕ ਮਸ਼ਹੂਰ ਹਸਤੀ ਹਨ ਅਤੇ ਸੰਨੀ ਦਿਓਲ ਦੇ ਉਲਟ ਉਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਪੂਰੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਅਸਲ 'ਚ ਹੀਰੋ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਿੱਧੂ ਦੀ ਮੰਗ ਹੈ ਅਤੇ ਅਸੀਂ ਸਿੱਧੂ ਨੂੰ ਸੰਨੀ ਦਿਓਲ ਦੇ ਖਿਲਾਫ ਮੁਹਿੰਮ 'ਚ ਖੜ੍ਹਾ ਕਰਾਂਗੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਆਸ਼ਾ ਕੁਮਾਰੀ ਦੇ ਬਿਆਨ 'ਤੇ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਰੈਲੀਆਂ ਨੂੰ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਵਲੋਂ ਤੈਅ ਕੀਤਾ ਜਾ ਰਿਹਾ ਹੈ।