ਜੇਤਲੀ ਦੀ ਸਾਫ਼ ਸੁਥਰੀ ਸਿਆਸਤ ਤੋਂ ਦੇਸ਼ ਪ੍ਰੇਰਨਾ ਲੈਂਦਾ ਰਹੇਗਾ : ਬਾਦਲ

08/25/2019 6:46:00 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਰੁਣ ਜੇਤਲੀ ਦੀ ਬੇਵਕਤੀ ਮੌਤ ਨਾਲ ਭਾਰਤੀ ਸਿਆਸਤ ਦਾ ਇਕ ਯੁੱਗ ਖ਼ਤਮ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਹਮੇਸ਼ਾਂ ਸਾਫ-ਸੁਥਰੀ ਅਤੇ ਕਦਰਾਂ-ਕੀਮਤਾਂ ਨੂੰ ਪ੍ਰਣਾਈ ਸਿਆਸਤ ਦੇ ਉਨ੍ਹਾਂ ਆਦਰਸ਼ਾਂ ਤੋਂ ਪ੍ਰੇਰਣਾ ਲੈਂਦਾ ਰਹੇਗਾ, ਅਟਲ ਬਿਹਾਰੀ ਵਾਜਪਾਈ ਅਤੇ ਅਰੁਣ ਜੇਤਲੀ ਜਿਨ੍ਹਾਂ ਦਾ ਪ੍ਰਤੀਕ ਸਨ। ਸਾਬਕਾ ਵਿੱਤ ਮੰਤਰੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਬਾਦਲ ਨੇ ਕਿਹਾ ਕਿ ਜੇਤਲੀ ਨੇ ਸਿਆਸਤ ਨੂੰ ਸਾਸ਼ਨ ਕਲਾ 'ਚ ਬਦਲਿਆ ਅਤੇ ਸਾਸ਼ਨ ਕਲਾ ਨੂੰ ਇਨਸਾਨੀਅਤ ਦਾ ਰੂਪ ਦਿੱਤਾ। ਭਾਵੇਂ ਕਿ ਹਰੇਕ ਮਹਾਨ ਆਗੂ ਦੀ ਮੌਤ ਦਾ ਘਾਟਾ ਨਾ-ਪੂਰਨ ਯੋਗ ਹੁੰਦਾ ਹੈ, ਪਰੰਤੂ ਜੇਤਲੀ ਦਾ ਵਿਛੋੜਾ ਸਾਡੇ ਲਈ ਬਹੁਤ ਹੀ ਜ਼ਿਆਦਾ ਦੁਖਦਾਈ ਰਹੇਗਾ। ਉਹ ਅਜਿਹੇ ਸਮੇਂ ਸਾਨੂੰ ਛੱਡ ਗਏ ਹਨ, ਜਦੋਂ ਉਨ੍ਹਾਂ ਵਲੋਂ ਅਮਲ 'ਚ ਲਿਆਂਦੀਆਂ ਕਦਰਾਂ-ਕੀਮਤਾਂ ਦੀ ਪੂਰੀ ਦੁਨੀਆਂ ਨੂੰ ਲੋੜ ਹੈ।

ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਜੇਤਲੀ ਦੀ ਮੌਤ ਉਨ੍ਹਾਂ ਲਈ ਇਕ ਬਹੁਤ ਵੱਡਾ ਨਿੱਜੀ ਘਾਟਾ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਬਹੁਤ ਹੀ ਮਹਾਨ, ਪਿਆਰਾ ਅਤੇ ਸਤਿਕਾਰਤ ਦੋਸਤ ਗੁਆ ਲਿਆ ਹੈ, ਜੋ ਕਿ ਹਮੇਸ਼ਾਂ ਮੈਥੋ ਬਜ਼ੁਰਗਾਂ ਵਾਲਾ ਪਿਆਰ ਲੈਂਦਾ ਸੀ। ਬਾਦਲ ਨੇ ਕਿਹਾ ਕਿ ਪੰਜਾਬ ਨੇ ਅੱਜ ਆਪਣਾ ਇਕ ਬਹੁਤ ਹੀ ਅਣਖੀਲਾ ਅਤੇ ਇਮਾਨਦਾਰ ਸਪੁੱਤਰ ਗੁਆ ਲਿਆ ਹੈ, ਜਿਸ ਨੂੰ ਪੰਜਾਬੀਅਤ ਨਾਲ ਪਿਆਰ ਸੀ ਅਤੇ ਇਸ 'ਤੇ ਮਾਣ ਕਰਦਾ ਸੀ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਪੰਜਾਬ ਬਾਰੇ ਗੱਲ ਕਰਦੇ ਸਨ ਅਤੇ ਪੰਜਾਬੀ ਬੋਲਦੇ ਸਨ ਤਾਂ ਉਨ੍ਹਾਂ ਦੀਆ ਅੱਖਾਂ 'ਚ ਇਕ ਸਵੈਮਾਣ ਅਤੇ ਚਿਹਰੇ 'ਤੇ ਲਾਲੀ ਹੁੰਦੀ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਤਲੀ ਲਈ ਅਕਾਲੀ-ਭਾਜਪਾ ਗਠਜੋੜ ਇਕ ਧਰਮ ਨਿਰਪੱਖ ਅਤੇ ਸੰਘੀ ਭਾਰਤ ਦਾ ਪ੍ਰਤੀਕ ਸੀ। ਉਨ੍ਹਾਂ ਲਈ ਇਹ ਗਠਜੋੜ ਇਕ ਆਸਥਾ ਦੀ ਵਸਤੂ ਸੀ, ਜੋ ਕਿ ਭਾਰਤ ਦੀ ਕੁਦਰਤੀ ਵੰਨ -ਸੁਵੰਨਤਾ ਲਈ ਪਿਆਰ 'ਚੋਂ ਨਿਕਲੀ ਸੀ। ਉਨ੍ਹਾਂ ਦੀ ਤਮਾਮ ਜ਼ਿੰਦਗੀ ਉਨ੍ਹਾਂ ਆਦਰਸ਼ਾਂ ਨੂੰ ਸਮਰਪਿਤ ਰਹੀ ਸੀ, ਜਿਹੜੇ ਇਸ ਗਠਜੋੜ ਦਾ ਪ੍ਰਤੀਕ ਹਨ-ਸ਼ਾਂਤੀ ਅਤੇ ਭਾਈਚਾਰਕ ਸਾਂਝ।


Gurminder Singh

Content Editor

Related News