ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ, ਔਰਤ ਸਮੇਤ 5 ਕਾਬੂ
Saturday, Jul 18, 2026 - 01:39 PM (IST)
ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਮੋਗਾ ਪੁਲਸ ਨੇ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਔਰਤ ਸਮੇਤ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਵਰੁਣ ਕੁਮਾਰ ਦੀ ਅਗਵਾਈ ਹੇਠ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਮੋਹਕਮ ਸਿੰਘ, ਸਹਾਇਕ ਥਾਣੇਦਾਰ ਨਿਰਮਲ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਕੋਟਕਪੂਰਾ ਬਾਈਪਾਸ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਰਵੀ ਕੁਮਾਰ ਉਰਫ ਰਾਹੁਲ ਨਿਵਾਸੀ ਸਾਧਾਂਵਾਲੀ ਬਸਤੀ ਮੋਗਾ ਹੈਰੋਇਨ ਵੇਚਣ ਦਾ ਆਦੀ ਹੈ ਅਤੇ ਅੱਜ ਵੀ ਉਹ ਮੋਗਾ-ਕੋਟਕਪੂਰਾ ਰੋਡ ’ਤੇ ਕਲੇਰ ਨਗਰ ਦੇ ਖਾਲੀ ਪਲਾਟਾਂ ਵਿਚ ਖੜ੍ਹਾ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕਰ ਕੇ ਉਸ ਨੂੰ ਜਾ ਦਬੋਚਿਆ, ਜਿਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਸੇ ਤਰ੍ਹਾਂ ਥਾਣਾ ਸਿਟੀ ਸਾਉਥ ਦੇ ਮੁੱਖ ਅਫਸਰ ਮੁੱਖ ਅਫਸਰ ਗੁਰਪਾਲ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਰਾਜੂ ਨਿਵਾਸੀ ਸਾਧਾਂਵਾਲੀ ਬਸਤੀ ਮੋਗਾ ਨੂੰ ਕਾਬੁੂ ਕਰ ਕੇ ਉਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਮਾਲਸਰ ਦੇ ਮੁੱਖ ਅਫਸਰ ਇਕਬਾਲ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਸਤਨਾਮ ਕੌਰ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਨਵਦੀਪ ਸਿੰਘ ਉਰਫ ਨਿੰਝਾ ਨਿਵਾਸੀ ਪਿੰਡ ਵਾਂਦਰ ਨੂੰ ਕਾਬੂ ਕਰ ਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਸੇ ਤਰ੍ਹਾਂ ਥਾਣਾ ਮਹਿਣਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੇਰ ਰਾਤ ਡਰੇਨ ਪੁਲ ਬਹੋਨਾ ਕੋਲ ਸਨੀ ਸਿੰਘ ਨਿਵਾਸੀ ਪਿੰਡ ਮਹਿਰੋਂ ਨੂੰ ਕਾਬੂ ਕਰ ਕੇ ਉਸ ਕੋਲੋਂ 53 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਜਿਸ ਦੀ ਪੁੱਛ-ਗਿੱਛ ’ਤੇ ਉਕਤ ਮਾਮਲੇ ਵਿਚ ਅੰਗਰੇਜ ਸਿੰਘ ਉਰਫ ਦੀਪਾ ਨਿਵਾਸੀ ਪਿੰਡ ਮੱਲੀਆਂ ਵਾਲਾ ਹਾਲ ਤਲਵੰਡੀ ਭੰਗੇਰੀਆ ਨੂੰ ਵੀ ਕਾਬੂ ਕੀਤਾ ਗਿਆ। ਸਾਰੇ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਨੂੰ ਪੁੱਛ-ਗਿੱਛ ਦੇ ਬਾਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
