ਪੁਲਸ ਹੱਥ ਲੱਗੀ ਸਫਲਤਾ ਨਸ਼ੀਲੇ ਪਦਾਰਥਾਂ ਸਮੇਤ 5 ਗ੍ਰਿਫਤਾਰ
Thursday, Jul 13, 2017 - 02:19 AM (IST)

ਮਾਨਸਾ(ਸੰਦੀਪ ਮਿੱਤਲ)-ਜ਼ਿਲਾ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2430 ਨਸ਼ੀਲੀਆਂ ਗੋਲੀਆਂ, 144 ਬੋਤਲਾਂ ਸ਼ਰਾਬ ਠੇਕਾ ਦੇਸੀ ਤੇ 40 ਲੀਟਰ ਲਾਹਣ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪੁਲਸ ਮੁਖੀ ਪਰਮਬੀਰ ਸਿੰਘ ਪਰਮਾਰ ਨੇ ਦੱਸਿਆ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਪੁਲਸ ਵੱਲੋਂ ਭੈੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਮਾਨਸਾ ਇੰਚਾਰਜ ਜਗਦੀਸ਼ ਸ਼ਰਮਾ ਦੀ ਅਗਵਾਈ ਹੇਠ ਪੁਲਸ ਨੂੰ ਇਤਲਾਹ ਮਿਲੀ ਕਿ ਬਲਜਿੰਦਰ ਸਿੰਘ ਉਰਫ ਸੈਟ ਪੁੱਤਰ ਆਤਮਾ ਸਿੰਘ, ਹਰਮੇਸ਼ ਸਿੰਘ ਉਰਫ ਮੇਸ਼ੀ ਪੁੱਤਰ ਬਲਵੀਰ ਸਿੰਘ, ਸਰਬਜੀਤ ਸਿੰਘ ਪੁੱਤਰ ਮਿੱਠੂ ਸਿੰਘ ਅਤੇ ਰਿੰਕੂ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀਆਨ ਜਵਾਹਰਕੇ ਹਰਿਆਣਾ ਸੂਬੇ 'ਚ ਦੇਸੀ ਸ਼ਰਾਬ ਲਿਆ ਕੇ ਵੇਚਦੇ ਹਨ, ਜਿਸ 'ਤੇ ਸੀ. ਆਈ. ਏ. ਸਟਾਫ ਪੁਲਸ ਨੇ ਕੀਤੀ ਰੇਡ ਤਹਿਤ ਇਨ੍ਹਾਂ 'ਚੋਂ ਬਲਜਿੰਦਰ ਸਿੰਘ ਉਰਫ ਸੈਟ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ 'ਚੋਂ 120 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰ ਲਈਆਂ। ਜਦੋਂ ਕਿ ਬਾਕੀ ਤਿੰਨ ਵਿਅਕਤੀ ਮੌਕੇ ਤੋਂ ਭੱਜਣ 'ਚ ਸਫਲ ਹੋ ਗਏ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਮੁਹਿੰਮ ਜਾਰੀ ਹੈ। ਇਸ ਤੋਂ ਇਲਾਵਾ ਥਾਣਾ ਝੁਨੀਰ ਦੀ ਪੁਲਸ ਨੇ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਰਾਮ ਸਿੰਘ ਵਾਸੀ ਥਰਾਜ ਥਾਣਾ ਰੋੜੀ ਤੇ ਮਨਜੀਤ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਰਾਏਪੁਰ ਨੂੰ ਮੋਟਰਸਾਈਕਲ ਡਿਸਕਵਰ ਨੰਬਰ ਐੱਚ.ਆਰ.41ਬੀ-8793 ਸਮੇਤ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 2430 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ। ਥਾਣਾ ਬੋਹਾ ਦੀ ਪੁਲਸ ਨੇ ਨਿੱਕਾ ਰਾਮ ਪੁੱਤਰ ਦਰਸ਼ਨ ਕੁਮਾਰ ਵਾਸੀ ਮਾਨਸਾ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ 'ਚੋਂ 24 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਥਾਣਾ ਭੀਖੀ ਦੀ ਪੁਲਸ ਨੇ ਕੁਲਦੀਪ ਸਿੰਘ ਉਰਫ ਸੰਮੀ ਪੁੱਤਰ ਗਿੰਦਰ ਸਿੰਘ ਵਾਸੀ ਅਤਲਾ ਖੁਰਦ ਨੂੰ ਕਾਬੂ ਕਰ ਕੇ ਉਸ ਪਾਸੋਂ 40 ਲੀਟਰ ਲਾਹਣ ਬਰਾਮਦ ਕਰ ਕੇ ਮਾਮਲਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।