ਗੁਰਦਾਸਪੁਰ ਤੋਂ ਆ ਕੇ ਵੱਡੀ ਵਾਰਦਾਤ ''ਚ ਵਰਤਣ ਲਈ ਲੁੱਟੀ ਸੀ ਕਾਰ

06/20/2017 2:27:19 AM

ਲੁਧਿਆਣਾ (ਰਿਸ਼ੀ)-ਐਤਵਾਰ ਸਵੇਰੇ ਜਲੰਧਰ ਬਾਈਪਾਸ ਦੇ ਨੇੜੇ ਦਿੱਲੀ ਤੋਂ ਜਲੰਧਰ ਜਾ ਰਹੇ ਦੋ ਭਰਾਵਾਂ ਤੋਂ ਡਸਟਰ ਕਾਰ ਲੁੱਟਣ ਵਾਲੇ 2 ਭਰਾਵਾਂ ਸਮੇਤ 5 ਦੋਸਤਾਂ ਨੂੰ 24 ਘੰਟਿਆਂ 'ਚ ਕਮਿਸ਼ਨਰੇਟ ਪੁਲਸ ਨੇ ਗ੍ਰਿਫਤਾਰ ਕਰ ਕੇ ਕੇਸ ਹੱਲ ਕਰ ਲਿਆ ਹੈ। ਪੁਲਸ ਨੇ ਲੁਟੇਰਿਆਂ ਦੇ ਕੋਲੋਂ ਵਾਰਦਾਤ 'ਚ ਪ੍ਰਯੋਗ ਕੀਤੀ ਗਈ ਇੰਡੈਵਰ ਕਾਰ, ਲੋਕਾਂ ਨੂੰ ਡਰਾਉਣ ਦੇ ਲਈ ਰੱਖੀ 1 ਨਕਲੀ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ, ਡੀ. ਸੀ. ਪੀ. ਕ੍ਰਾਈਮ ਗਗਨ ਅਜੀਤ ਸਿੰਘ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਫੜੇ ਦੋਸ਼ੀਆਂ 'ਚੋਂ 2 ਭਰਾ ਅਤੇ ਤੀਜਾ ਉਨ੍ਹਾਂ ਦਾ ਦੋਸਤ ਸ਼ਨੀਵਾਰ ਦੁਪਹਿਰ ਨੂੰ ਹੀ ਲੁਧਿਆਣਾ ਆਏ ਸਨ। ਤਿੰਨਾਂ ਆ ਕੇ ਮਾਸਟਰ ਮਾਈਂਡ ਲਵੀਸ਼ ਦੇ ਘਰ ਰੁਕੇ ਸਨ। ਉਨ੍ਹਾਂ ਨੇ ਇਥੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਵਾਰਦਾਤ 'ਚ ਪ੍ਰਯੋਗ ਕਰਨ ਲਈ ਹੀ ਉਨ੍ਹਾਂ ਨੇ ਕਾਰ ਲੁੱਟੀ ਸੀ ਤਾਂ ਕਿ ਵਾਰਦਾਤ ਤੋਂ ਬਾਅਦ ਉਨ੍ਹਾਂ ਦਾ ਕੁਝ ਪਤਾ ਨਾ ਲੱਗ ਸਕੇ।
ਇਸ ਦੌਰਾਨ ਸਵੇਰੇ ਖਾਲੀ ਪਲਾਟ 'ਚ ਕਾਰ ਛੁਪਾ ਕੇ ਚਲੇ ਗਏ ਸਨ ਅਤੇ ਸ਼ਾਮ ਨੂੰ ਕਾਰ ਲੈ ਕੇ ਜਾਣੀ ਸੀ ਪਰ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਕੁਝ ਮਿੰਟਾਂ 'ਚ ਹੀ ਪੁਲਸ ਕਾਰ ਦੇ ਪਿੱਛੇ ਪਹੁੰਚ ਜਾਵੇਗੀ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। ਫੜੇ ਗਏ ਸਾਰੇ ਦੋਸ਼ੀਆਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ।
2 ਕਰੋੜ ਦੇ ਨਕਲੀ ਫੂਡ ਸਪਲੀਮੈਂਟਸ ਨਾਲ ਫੜਿਆ ਜਾ ਚੁੱਕੈ ਮਾਸਟਰ ਮਾਈਂਡ
ਏ. ਸੀ. ਪੀ. ਕ੍ਰਾਈਮ ਬੇਦੀ ਅਨੁਸਾਰ ਲੁੱਟ ਦਾ ਮਾਸਟਰ ਮਾਈਂਡ ਲਵਿਸ਼ ਕੁਮਾਰ ਹੈ। ਸਿਹਤ ਵਿਭਾਗ ਦੀ ਟੀਮ ਨੇ ਸਾਲ 2015 ਵਿਚ ਘੁੰਮਾਰ ਮੰਡੀ ਇਲਾਕੇ 'ਚ ਸਥਿਤ ਉਸ ਦੇ ਗੋਦਾਮ 'ਤੇ ਰੇਡ ਮਾਰ ਕੇ ਲਗਭਗ 2 ਕਰੋੜ ਦੀ ਕੀਮਤ ਦੇ ਨਕਲੀ ਫੂਡ ਸਪਲੀਮੈਂਟ ਬਰਾਮਦ ਕੀਤੇ ਸਨ, ਜਿਨ੍ਹਾਂ ਨੂੰ ਉਕਤ ਦੋਸ਼ੀ ਬਾਡੀ ਬਣਾਉਣ ਲਈ ਗੁੰਮਰਾਹ ਕਰ ਕੇ ਵੇਚਦਾ ਸੀ। ਤਦ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਉਸ ਦੇ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਸੀ ਅਤੇ ਬੀਤੇ 26 ਜਨਵਰੀ ਨੂੰ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ।
ਸਾਰੇ ਦੋਸ਼ੀਆਂ ਦਾ ਇਕ ਦੋਸਤ ਐੱਨ. ਆਰ. ਆਈ.
ਏ. ਸੀ. ਪੀ. ਕ੍ਰਾਈਮ ਬੇਦੀ ਦੇ ਅਨੁਸਾਰ ਫੜੇ ਗਏ ਦੋਸ਼ੀਆਂ 'ਚ ਮਨਦੀਪ ਮਸੀਹ ਅਤੇ ਸਾਗਰ ਮਸੀਹ ਰਿਸ਼ਤੇਦਾਰੀ 'ਚ ਭਰਾ ਹਨ, ਸ਼ੈਲੀ ਕੁਮਾਰ ਮਨਦੀਪ ਦੇ ਨਾਲ ਕਾਲਜ 'ਚ ਪੜ੍ਹਿਆ ਹੈ। ਮਨਦੀਪ ਮਸੀਹ ਦੀ ਲੁਧਿਆਣਾ 'ਚ ਰਹਿਣ ਦੌਰਾਨ ਲਵਿਸ਼ ਕੁਮਾਰ ਅਤੇ ਬਾਅਦ ਵਿਚ ਸੁਨੀਲ ਕੁਮਾਰ ਨਾਲ ਮੁਲਾਕਾਤ ਹੋਈ। ਇਨ੍ਹਾਂ ਸਾਰਿਆਂ ਨੂੰ ਮਿਲਾਉਣ ਵਾਲਾ ਇਨ੍ਹਾਂ ਦਾ ਇਕ ਐੱਨ. ਆਰ. ਆਈ. ਦੋਸਤ ਹੈ। ਐੱਸ. ਟੀ. ਯੂ. ਇੰਚਾਰਜ ਇੰਸ. ਪ੍ਰੇਮ ਸਿੰਘ ਅਨੁਸਾਰ ਮਹਾਨਗਰ ਪਹੁੰਚ ਕੁਝ ਸਮਾਂ ਆਰਾਮ ਕਰਨ ਦੇ ਬਾਅਦ ਸਾਰੇ ਘੁੰਮਣ ਲਈ ਨਿਕਲੇ ਅਤੇ ਸਾਰੀ ਰਾਤ ਸੜਕਾਂ 'ਤੇ ਘੁੰਮ ਕੇ ਕਾਰ ਦੀ ਤਲਾਸ਼ ਕਰਦੇ ਰਹੇ ਅਤੇ ਸਵੇਰੇ ਵਾਰਦਾਤ ਨੂੰ ਅੰਜਾਮ ਦਿੱਤਾ।
ਫੜੇ ਗਏ ਦੋਸ਼ੀਆਂ ਖਿਲਾਫ ਦਰਜ ਮਾਮਲੇ
* ਮਨਦੀਪ ਮਸੀਹ ਨਿਵਾਸੀ ਗੁਰਦਾਸਪੁਰ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਤੇ ਲੜਾਈ-ਝਗੜੇ ਦਾ ਕੇਸ
* ਸਾਗਰ ਮਸੀਹ ਨਿਵਾਸੀ ਗੁਰਦਾਸਪੁਰ ਖਿਲਾਫ ਹੱਤਿਆ ਅਤੇ ਲੜਾਈ-ਝਗੜੇ ਦਾ ਕੇਸ
* ਸ਼ੈਲੀ ਕੁਮਾਰ ਨਿਵਾਸੀ ਗੁਰਦਾਸਪੁਰ ਖਿਲਾਫ ਲੁੱਟ ਦਾ ਕੇਸ
* ਸੁਨੀਲ ਕੁਮਾਰ ਨਿਵਾਸੀ ਕਾਰਾਬਾਰਾ ਖਿਲਾਫ ਕੋਈ ਕੇਸ ਨਹੀਂ
* ਲਵਿਸ਼ ਕੁਮਾਰ ਨਿਵਾਸੀ ਚੰਦਰ ਨਗਰ ਖਿਲਾਫ ਡਰੱਗ ਐਂਡ ਕਾਸਟਮੈਟਿਕ 'ਤੇ ਹਵਾਈ ਫਾਇਰਿੰਗ ਦਾ ਕੇਸ


Related News