ਵਿਦੇਸ਼ ਤੋਂ ਆਈ ਫੋਨ ਕਾਲ ਦੇ ਝਾਂਸੇ 'ਚ ਫਸਿਆ ਫ਼ੌਜ ਦਾ ਅਧਿਕਾਰੀ, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼
Sunday, Apr 24, 2022 - 11:59 AM (IST)
ਜਲੰਧਰ (ਜ. ਬ.)– ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਵਿਦੇਸ਼ ਵਿਚ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਫਰਾਡ ਕਰਨ ਵਾਲਿਆਂ ਨੇ ਇਕ ਨਵਾਂ ਤਰੀਕਾ ਲੱਭਿਆ ਹੈ, ਜਿਸ ਨਾਲ ਪਹਿਲਾਂ ਤੁਸੀਂ ਆਪਣੀ ਸੁੱਧ-ਬੁੱਧ ਗੁਆ ਬੈਠੋਗੇ ਅਤੇ ਫਰਾਡ ਫੋਨ ਕਰਨ ਵਾਲਿਆਂ ਦੀ ਗੱਲ ਮਜਬੂਰ ਹੋ ਕੇ ਮੰਨ ਲਓਗੇ। ਇਸੇ ਗੈਂਗ ਦਾ ਸ਼ਿਕਾਰ ਸ਼ਹਿਰ ਵਿਚ ਰਹਿਣ ਵਾਲੇ ਇਕ ਆਰਮੀ ਦਾ ਅਧਿਕਾਰੀ ਹੋਇਆ, ਜਿਨ੍ਹਾਂ ਨੂੰ ਉਨ੍ਹਾਂ ਦਾ ਭਤੀਜਾ ਬਣ ਕੇ ਫੋਨ ਕਰਨ ਵਾਲੇ ਵਿਅਕਤੀ ਨੇ 4 ਲੱਖ ਰੁਪਏ ਆਪਣੇ ਬੈਂਕ ਖ਼ਾਤੇ ਵਿਚ ਟਰਾਂਸਫਰ ਕਰਵਾ ਲਏ। ਬਾਅਦ ਵਿਚ ਪਤਾ ਲੱਗਾ ਕਿ ਆਰਮੀ ਅਧਿਕਾਰੀ ਦੇ ਭਤੀਜੇ ਨੇ ਉਨ੍ਹਾਂ ਨੂੰ ਫੋਨ ਹੀ ਨਹੀਂ ਕੀਤਾ। ਅਜਿਹੇ ਵਿਚ ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਅਣਪਛਾਤੇ ਲੋਕਾਂ ’ਤੇ ਆਈ. ਟੀ. ਐਕਟ ਸਮੇਤ ਧੋਖਾਧੜੀ ਦੀ ਧਾਰਾ 419, 420 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੇ ਦੀ ਮਾਂ ਨੂੰ 19 ਸਾਲਾ ਮੁੰਡੇ ਨਾਲ ਹੋਇਆ ਪਿਆਰ, ਦੋਹਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜਾਣਕਾਰੀ ਅਨੁਸਾਰ ਕਰਨੈਲ ਰੈਂਕ ਦੇ ਅਧਿਕਾਰੀ ਦਾ ਭਤੀਜਾ ਕਾਫ਼ੀ ਸਮੇਂ ਤੋਂ ਇਟਲੀ ਵਿਚ ਹੈ। ਉਨ੍ਹਾਂ ਪੁਲਸ ਨੂੰ ਦੱਸਿਆ ਕਿ 22 ਅਪ੍ਰੈਲ ਨੂੰ ਉਨ੍ਹਾਂ ਨੂੰ ਇਕ ਅਣਪਛਾਤੇ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲਾ ਵਿਅਕਤੀ ਰੋਂਦੇ ਹੋਏ ਖ਼ੁਦ ਨੂੰ ਕਰਨਲ ਦਾ ਭਤੀਜਾ ਦੱਸ ਰਿਹਾ ਸੀ। ਉਨ੍ਹਾਂ ਸਮਝਿਆ ਕਿ ਭਤੀਜਾ ਸੱਚਮੁੱਚ ਕਿਸੇ ਪ੍ਰੇਸ਼ਾਨੀ ਵਿਚ ਹੈ। ਪੁੱਛਣ ’ਤੇ ਉਸ ਵਿਅਕਤੀ ਨੇ ਕਿਹਾ ਕਿ ਬੀਤੀ ਰਾਤ ਸਾਡੀ ਬਾਰ ਵਿਚ ਲੜਾਈ ਹੋ ਗਈ ਸੀ। ਉਸ ਕੋਲੋਂ ਦੂਜੀ ਧਿਰ ਦੇ ਨੌਜਵਾਨਾਂ ਨੂੰ ਜ਼ਿਆਦਾ ਸੱਟਾਂ ਲੱਗ ਗਈਆਂ ਹਨ, ਜਿਹੜਾ ਹਸਪਤਾਲ ਵਿਚ ਦਾਖ਼ਲ ਹੈ ਅਤੇ ਇਟਲੀ ਦੀ ਪੁਲਸ ਨੇ ਉਸ ਨੂੰ ਫੜਿਆ ਹੋਇਆ ਹੈ।
ਅਜਿਹੇ ਵਿਚ ਕਥਿਤ ਭਤੀਜੇ ਨੇ ਇਕ ਵਕੀਲ ਨਾਲ ਵੀ ਗੱਲ ਕਰਵਾਈ। ਵਕੀਲ ਨੇ ਕਿਹਾ ਕਿ 4 ਲੱਖ ਰੁਪਏ ਮਿਲਣ ’ਤੇ ਉਸ ਨੂੰ ਜ਼ਮਾਨਤ ਮਿਲ ਜਾਵੇਗੀ। ਕਰਨਲ ਨੇ ਆਪਣੇ ਭਤੀਜੇ ਨੂੰ ਬਚਾਉਣ ਲਈ ਕਾਹਲੀ ਵਿਚ ਵਕੀਲ ਵੱਲੋਂ ਦਿੱਤੇ 2 ਬੈਂਕ ਖ਼ਾਤਿਆਂ ’ਚ ਆਰ. ਟੀ. ਜੀ. ਐੱਸ. ਜ਼ਰੀਏ 2-2 ਲੱਖ ਰੁਪਏ ਕਰਕੇ 4 ਲੱਖ ਰੁਪਏ ਟਰਾਂਸਫਰ ਕਰ ਦਿੱਤੇ।
ਬਾਅਦ ਵਿਚ ਕਰਨਲ ਨੇ ਆਪਣੇ ਭਤੀਜੇ ਦੇ ਨੰਬਰ ’ਤੇ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਸ ਨੇ ਨਾ ਹੀ ਕੋਈ ਝਗੜਾ ਕੀਤਾ ਅਤੇ ਨਾ ਹੀ ਫੋਨ। ਇਹ ਸੁਣ ਕੇ ਕਰਨਲ ਹੈਰਾਨ ਰਹਿ ਗਿਆ। ਉਨ੍ਹਾਂ ਜਦੋਂ ਦੋਵੇਂ ਬੈਂਕ ਖਾਤੇ ਚੈੱਕ ਕਰਵਾਏ ਤਾਂ ਪਤਾ ਲੱਗਾ ਕਿ ਉਹ ਮੁੰਬਈ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਅਤੇ ਦਲੀਪ ਕੁਮਾਰ ਦੇ ਨਾਂ ’ਤੇ ਖੁੱਲ੍ਹੇ ਹੋਏ ਸਨ। ਇਸ ਸਬੰਧੀ ਪੁਲਸ ਨੂੰ ਤੁਰੰਤ ਸੂਚਨਾ ਦਿੱਤੀ ਗਈ। ਥਾਣਾ ਨੰਬਰ 7 ਦੀ ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਫਿਲਹਾਲ ਮੁਲਜ਼ਮਾਂ ਨੂੰ ਟਰੇਸ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਿਹੜੇ 2 ਨੰਬਰਾਂ ਤੋਂ ਕਰਨਲ ਨੂੰ ਫੋਨ ਆਇਆ, ਉਹ ਫੋਨ ਵੀ ਬੰਦ ਆ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਜਾਰੀ ਕੀਤੀ ਐਡਵਾਈਜ਼ਰੀ
ਕਰਾਸ ਚੈੱਕ ਕੀਤਾ ਹੁੰਦਾ ਤਾਂ ਨਾ ਹੁੰਦਾ ਫਰਾਡ
ਆਰਮੀ ਅਧਿਕਾਰੀ ਨੇ ਜੇਕਰ ਅਜਿਹਾ ਫੋਨ ਆਉਣ ਤੋਂ ਬਾਅਦ ਆਪਣੇ ਭਤੀਜੇ ਨੂੰ ਫੋਨ ਕਰਕੇ ਕਰਾਸ ਚੈੱਕ ਕਰ ਲਿਆ ਹੁੰਦਾ ਤਾਂ ਫਰਾਡ ਨਾ ਹੁੰਦਾ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਫੋਨ ਕਈ ਲੋਕਾਂ ਨੂੰ ਆ ਚੁੱਕੇ ਹਨ। ਜਲੰਧਰ ਵਿਚ ਕਈ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਕਈ ਅਜਿਹੇ ਫੋਨ ਆਏ ਪਰ ਕਰਾਸ ਚੈੱਕ ਕਰਨ ’ਤੇ ਉਨ੍ਹਾਂ ਦੇ ਪੈਸਿਆਂ ਦਾ ਬਚਾਅ ਹੋ ਗਿਆ। ਥਾਣਾ ਨੰਬਰ 7 ਦੇ ਇੰਚਾਰਜ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਲੋਕਾਂ ਕੋਲੋਂ ਪੈਸੇ ਕਢਵਾਉਣ ਲਈ ਠੱਗ ਲੋਕ ਵੱਖ-ਵੱਖ ਤਰ੍ਹਾਂ ਦੇ ਫਰਾਡ ਦਾ ਤਰੀਕਾ ਲੱਭਦੇ ਹਨ। ਲੋਕ ਅਜਿਹੇ ਫਰਾਡ ਕਰਨ ਵਾਲਿਆਂ ਦੀਆਂ ਗੱਲਾਂ ਵਿਚ ਨਾ ਆਉਣ ਅਤੇ ਸੰਜਮ ਰੱਖ ਕੇ ਹੀ ਭਰੋਸਾ ਕਰਨ।
ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ਼, ਜਲੰਧਰ ’ਚ ਡੇਢ ਮਹੀਨੇ ਬਾਅਦ ਇਹ ਨਗਰ ਮੁੜ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ