ਅਨੁਰਾਗ ਵਰਮਾ ਨੇ ਪੰਜਾਬ ਦੇ 42ਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ

Saturday, Jul 01, 2023 - 04:05 PM (IST)

ਅਨੁਰਾਗ ਵਰਮਾ ਨੇ ਪੰਜਾਬ ਦੇ 42ਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ

ਚੰਡੀਗੜ੍ਹ : 1993 ਬੈਚ ਦੇ ਆਈ. ਏ. ਐੱਸ. ਅਧਿਕਾਰੀ ਅਨੁਰਾਗ ਵਰਮਾ ਨੇ ਸ਼ਨੀਵਾਰ ਨੂੰ ਸੂਬੇ ਦੇ 42ਵੇਂ ਮੁੱਖ ਸਕੱਤਰ ਦਾ ਕਾਰਜਭਾਰ ਸੰਭਾਲ ਲਿਆ। ਉਨ੍ਹਾਂ ਅੱਜ ਨਵਾਂ ਅਹੁਦਾ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਸਕੱਤਰ ਵਜੋਂ ਬੀਤੇ ਦਿਨ ਸੇਵਾ ਮੁਕਤ ਹੋਏ ਵਿਜੈ ਕੁਮਾਰ ਜੰਜੂਆ ਅਤੇ ਸੀਨੀਅਰ ਸਿਵਲ ਅਧਿਕਾਰੀਆਂ ਦੀ ਹਾਜ਼ਰੀ 'ਚ ਸੰਭਾਲਿਆ। ਪਟਿਆਲਾ ਵਿਖੇ ਅਧਿਆਪਕ ਪਰਿਵਾਰ 'ਚ ਜਨਮੇ ਵਰਮਾ ਕੋਲ ਮੁੱਖ ਸਕੱਤਰ ਦੇ ਮੌਜੂਦਾ ਅਹੁਦੇ ਦੇ ਨਾਲ ਪ੍ਰਮੁੱਖ ਸਕੱਤਰ ਪ੍ਰਸੋਨਲ ਤੇ ਵਿਜੀਲੈਂਸ ਦਾ ਵਾਧੂ ਚਾਰਜ ਵੀ ਰਹੇਗਾ।

ਅੱਜ ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਮੌਕੇ ਹਾਜ਼ਰ ਸੀਨੀਅਰ ਅਧਿਕਾਰੀਆਂ ਵਿੱਚ ਡੀ. ਕੇ. ਤਿਵਾੜੀ, ਕੁਮਾਰ ਰਾਹੁਲ, ਮਾਲਵਿੰਦਰ ਸਿੰਘ ਜੱਗੀ, ਵਿਪੁਲ ਉਜਵਲ, ਰਾਮਵੀਰ, ਸੋਨਾਲੀ ਗਿਰੀ, ਈਸ਼ਾ ਕਾਲੀਆ, ਗੌਰੀ ਪਰਾਸ਼ਰ ਜੋਸ਼ੀ, ਪੁਨੀਤ ਗੋਇਲ, ਭੁਪਿੰਦਰ ਸਿੰਘ, ਨੀਰੂ ਕਤਿਆਲ ਗੁਪਤਾ ਤੇ ਸੁਖਜੀਤ ਪਾਲ ਸਿੰਘ ਵੀ ਸ਼ਾਮਲ ਸਨ। ਨਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਗੱਲ ਕਰਦਿਆਂ ਅਨੁਰਾਗ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿਹਤ, ਸਿੱਖਿਆ ਤੇ ਸੂਬੇ ਦੇ ਸਰਵਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਤੋਂ ਇਲਾਵਾ ਸੂਬਾ ਵਾਸੀਆਂ ਨੂੰ ਸਾਫ-ਸੁਥਰੀਆਂ, ਪ੍ਰਭਾਵਸ਼ਾਲੀ, ਜਵਾਬਦੇਹੀ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣਾ ਪ੍ਰਮੁੱਖ ਤਰਜ਼ੀਹ ਹੋਵੇਗੀ।

ਉਨ੍ਹਾਂ ਕਿਹਾ ਕਿ ਨਵੀਂ ਜ਼ਿੰਮੇਵਾਰੀ ਨੂੰ ਉਹ ਆਪਣੀ ਲਗਨ, ਮਿਹਨਤ, ਦਿਆਨਤਦਾਰੀ ਅਤੇ ਦਿ੍ਰੜਤਾ ਨਾਲ ਨਿਭਾਉਦੇ ਹੋਏ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਉਤੇ ਲਾਗੂ ਕਰਨ ’ਤੇ ਜ਼ੋਰ ਦੇਣਗੇ।


author

Babita

Content Editor

Related News