ਇਕ ਹੋਰ ਵੱਢੀਖੋਰ ਪੁਲਸ ਮੁਲਾਜ਼ਮ ਚੜ੍ਹਿਆ ਵਿਜੀਲੈਂਸ ਦੇ ਹੱਥੇ
Thursday, Oct 13, 2022 - 08:36 PM (IST)
ਮਲੋਟ (ਸ਼ਾਮ ਜੁਨੇਜਾ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਥਾਣਾ ਸਿਟੀ ਮਲੋਟ ਵਿਖੇ ਤਾਇਨਾਤ ਏ. ਐੱਸ. ਆਈ. ਸੁਖਦੇਵ ਸਿੰਘ ਨੂੰ ਰਿਸ਼ਵਤਖੋਰੀ ਦੇ ਕੇਸ 'ਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਰਵੀਦਾਸ ਨਗਰ ਮਲੋਟ ਵਾਸੀ ਦੇਸ ਰਾਜ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਦੇਸ ਰਾਜ ਅਨੁਸਾਰ ਉਸ ਦਾ 11 ਦਸੰਬਰ 2020 ਨੂੰ ਕਿਸੇ ਨਾਲ ਝਗੜਾ ਹੋ ਗਿਆ ਸੀ ਜਿਸ ਦੇ ਅਧਾਰ 'ਤੇ ਥਾਣਾ ਸਿਟੀ ਮਲੋਟ ਵਿਖੇ ਉਸ ਸਮੇਤ 10 ਜਣਿਆਂ ਵਿਰੁੱਧ ਮੁਕੱਦਮਾਂ ਦਰਜ ਹੋ ਗਿਆ ਸੀ।
ਇਸੇ ਮਾਮਲੇ ਵਿਚ ਦੂਜੀ ਧਿਰ 'ਤੇ ਕਰਾਸ ਕੇਸ 4 ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਸੀ। ਦੇਸ ਰਾਜ ਅਨੁਸਾਰ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਏ. ਐੱਸ. ਆਈ. ਸੁਖਦੇਵ ਸਿੰਘ ਨੇ ਪਹਿਲਾਂ ਉਸ ਤੋਂ 21 ਹਜ਼ਾਰ 500 ਰੁਪਏ ਲੈ ਲਏ। ਬਾਅਦ ਵਿਚ ਦੋਵਾਂ ਧਿਰਾਂ ਵਿਚਕਾਰ ਰਾਜੀਨਾਮੇ ਦੀ ਗਲ ਸਿਰੇ ਨਾ ਚੜ੍ਹੀ ਤਾਂ ਦੇਸਰਾਜ ਵੱਲੋਂ ਥਾਣੇਦਾਰ ਨੂੰ ਚਲਾਨ ਪੇਸ਼ ਕਰਨ ਲਈ ਕਿਹਾ, ਜਿਸ ਨੂੰ ਲੈ ਕੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਉਸ ਪਾਸੋਂ 10 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਤੇ 5 ਹਜਾਰ ਰੁਪਏ ਲੈ ਗਿਆ। ਦੇਸ ਰਾਜ ਨੇ ਰਿਸ਼ਵਤ ਮੰਗਣ ਦੀ ਗੱਲਬਾਤ ਦੀ ਰਿਕਾਰਡਿੰਗ ਕਰਕੇ ਭ੍ਰਿਸ਼ਟਾਚਾਰ ਵਿਰੋਧੀ ਹੈੱਲਪਲਾਈਨ 'ਤੇ ਭੇਜ ਦਿੱਤੀ। ਇਸ ਦੀ ਜਾਂਚ ਪੜਤਾਲ ਤੋਂ ਬਾਅਦ ਮੁਲਜ਼ਮ ਥਾਣੇਦਾਰ ਵਿਰੁੱਧ ਮੁਕੱਦਮਾ ਨੰਬਰ 16/ 13 ਅਕਤੂਬਰ 2022 ਨੂੰ ਦਰਜ ਕਰਕੇ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ - SYL ’ਤੇ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ CM ਮਾਨ ਨੂੰ ਦਿੱਤੀ ਅਹਿਮ ਸਲਾਹ