ਟਕਸਾਲੀ ਆਗੂਆਂ ਨੇ ਸੁਖਬੀਰ ਨੂੰ ਲਾਹੁਣ ਦੀ ਖਿੱਚੀ ਤਿਆਰੀ
Monday, Nov 12, 2018 - 03:33 PM (IST)
ਅੰਮ੍ਰਿਤਸਰ - ਚੰਡੀਗੜ੍ਹ 'ਚ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਵਲੋਂ ਮਾਝੇ ਦੇ ਦੋ ਵੱਡੇ ਨੇਤਾਵਾਂ ਤੇ ਉਨ੍ਹਾਂ ਦੇ ਬੇਟਿਆਂ ਨੂੰ ਪਾਰਟੀ ਤੋਂ ਕੱਢਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਦੂਜੇ ਟਕਸਾਲੀ ਨੇਤਾ ਮੁਸ਼ਕਲਾਂ ਪੈਦਾ ਕਰ ਸਕਦੇ ਹਨ। ਪਾਰਟੀ 'ਚੋਂ ਕੱਢੇ ਗਏ ਰਣਜੀਤ ਸਿੰਘ ਬ੍ਰਹਮਪੁਰਾ, ਰਵਿੰਦਰ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਅਮਰਪਾਲ ਸਿੰਘ ਬੋਨੀ ਤੇ ਸੇਵਾ ਸਿੰਘ ਸੇਖਵਾਂ ਵਲੋਂ ਆਉਣ ਵਾਲੇ ਦਿਨਾਂ 'ਚ ਸੁਖਬੀਰ ਵਿਰੋਧੀਆਂ ਨਾਲ ਮਿਲ ਕੇ ਨਵੀਆਂ ਯੋਜਨਾਵਾਂ ਬਣਾ ਸਕਦੇ ਹਨ। ਸੂਤਰਾਂ ਮੁਤਾਬਕ ਸਾਰੇ ਬਾਗੀ ਤੇ ਪਾਰਟੀ 'ਚੋਂ ਕੱਢੇ ਗਏ ਨੇਤਾ ਇਕੱਠੇ ਹੋ ਕੇ ਵੱਡੀ ਰੈਲੀ ਕਰਨ ਦੀ ਤਿਆਰੀ 'ਚ ਹਨ। ਇਸੇ ਇਕੱਠ ਦੌਰਾਨ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਪਾਰਟੀ 'ਚੋਂ ਕੱਢਣ ਦਾ ਐਲਾਨ ਕਰ ਸਕਦੇ ਹਨ। ਇਸ ਯੋਜਨਾ ਨੂੰ ਕਾਮਯਾਬ ਕਰਨ ਲਈ ਵਿਰੋਧੀਆਂ ਪਾਰਟੀਆਂ ਵਲੋਂ ਵੀ ਸਬੰਧਤ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ।
ਸੂਤਰਾਂ ਮੁਤਾਬਕ ਇਹ ਵੀ ਚਰਚਾ ਹੈ ਕਿ ਅਕਾਲੀ ਦਲ ਦੀ 50ਵੀਂ ਵਰ੍ਹੇਗੰਡ 'ਤੇ 14 ਦਸਬੰਰ 2018 ਨੂੰ ਪਾਰਟੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੁਹੰਚ ਕੇ ਆਪਣੀ ਸਰਕਾਰ ਦੇ ਸਮੇਂ ਹੋਈਆਂ ਗਲਤੀਆਂ ਦੀ ਮੁਆਫੀ ਮੰਗਣ ਦੀ ਤਿਆਰੀ 'ਚ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਵਿਰੋਧੀ ਅਕਾਲੀ ਦਲ ਨੂੰ ਖੁੱਲ੍ਹ ਕੇ ਘੇਰ ਸਕਦੇ ਹਨ।
ਪਾਰਟੀ ਕਿਸੇ ਦੀ ਜਾਗੀਰ ਨਹੀਂ : ਅਮਰਪਾਲ ਸਿੰਘ
ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਡਾ.ਰਤਨ ਸਿੰਘ ਅਜਨਾਲਾ ਦੇ ਬੇਟੇ ਅਮਰਪਾਲ ਸਿੰਘ ਬੋਨੀ ਦਾ ਕਹਿਣਾ ਹੈ ਕਿ ਅਕਾਲੀ ਦਲ ਕਿਸੇ ਦੀ ਜਗੀਰ ਨਹੀਂ ਹੈ। ਪਾਰਟੀ 'ਚ ਜੋ ਕੁਝ ਹੋ ਰਿਹਾ ਹੈ ਉਸ ਦਾ ਵਿਰੋਧ ਜਾਰੀ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਨਹੀਂ ਛੱਡਣਗੇ ਤੇ ਕੋਰ ਕਮੇਟੀ ਵਲੋਂ ਸੁਣਾਏ ਗਏ ਫੈਸਲੇ ਨੂੰ ਉਹ ਖਾਰਜ ਕਰਦੇ ਹਨ।