ਢੱਡਰੀਆਂਵਾਲਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਸਖਤ ਚਿਤਾਵਨੀ
Saturday, Feb 08, 2020 - 09:32 AM (IST)
ਅੰਮ੍ਰਿਤਸਰ : ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰਚਾਰ ਤੋਂ ਬਾਅਦ ਪੈਦਾ ਹੋਇਆ ਧਾਰਮਿਕ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਆਖਿਆ ਕਿ ਜੇਕਰ ਹੁਣ ਤੀਜੀ ਵਾਰ ਵੀ ਢੱਡਰੀਆਂਵਾਲਾ ਅਕਾਲ ਤਖਤ ਸਾਹਿਬ 'ਤੇ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਖਿਲਾਫ ਐਕਸ਼ਨ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਢੱਡਰੀਆਂ ਵਾਲਾ ਗੱਲਬਾਤ ਲਈ ਰਾਜ਼ੀ ਹੋਵੇ ਤਾਂ ਇਸ ਬੇਲੋੜੇ ਵਿਵਾਦ ਦਾ ਢੁੱਕਵਾਂ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਢੱਡਰੀਆਂਵਾਲਾ ਦੇ ਸੂਰਜ ਪ੍ਰਕਾਸ਼ ਗ੍ਰੰਥ 'ਚੇ ਸਵਾਲ ਬਿਲਕੁਲ ਬੇਬੁਨਿਆਦ ਹਨ। ਇਸ ਸਬੰਧੀ ਉਨ੍ਹਾਂ ਦੇ ਪ੍ਰਚਾਰ ਤੋਂ ਪੈਦਾ ਹੋਏ ਵਿਵਾਦ ਨੂੰ ਠੱਲ੍ਹਣ ਲਈ ਦੋ ਵਾਰ ਆਪਣਾ ਪੱਖ ਰੱਖਣ ਲਈ ਸੱਦਿਆ ਗਿਆ ਹੈ ਪਰ ਉਹ ਨਹੀਂ ਆਏ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕੋਈ ਵੀ ਮਸਲਾ ਨਹੀਂ ਹੈ, ਜੋ ਗੱਲਬਾਤ ਰਾਹੀਂ ਹੱਲ ਨਾ ਹੋ ਸਕੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਹੁਣ ਤੀਜੀ ਵਾਰ ਵੀ ਬੁਲਾਏ ਜਾਣ 'ਤੇ ਢੱਡਰੀਆਂਵਾਲਾ ਅਕਾਲ ਤਖਤ ਸਾਹਿਬ 'ਤੇ ਪੇਸ਼ ਨਹੀਂ ਹੋਇਆ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।
ਇਥੇ ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਬੀਤੇ ਦਿਨ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ 'ਚ ਗੁਰੂ ਹਰਿਰਾਇ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਤਿੰਨ ਰੋਜ਼ਾ ਜੋੜ ਮੇਲ ਦੇ ਆਖਰੀ ਦਿਨ ਗੁਰਮਤਿ ਸਮਾਗਮ 'ਚ ਸ਼ਾਮਲ ਹੋਏ ਪਹੁੰਚੇ ਸੀ।