ਕੈਪਟਨ ਵਲੋ ਮਿੱਠੂ ਮਦਾਨ ਤੇ ਗੇਟਮੈਨ 'ਤੇ ਸਖਤ ਕਾਰਵਾਈ ਦੇ ਹੁਕਮ

12/07/2018 3:15:21 PM

ਚੰਡੀਗੜ੍ਹ : ਅੰਮ੍ਰਿਤਸਰ ਰੇਲ ਹਾਦਸੇ ਮਾਮਲੇ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਭਾਵੇਂ ਹੀ ਕਲੀਨ ਚਿੱਟ ਮਿਲ ਗਈ ਹੋਵੇ ਪਰ ਉਨ੍ਹਾਂ ਦੇ ਕਰੀਬੀ ਅਤੇ ਸਮਾਰੋਹ ਦੇ ਆਯੋਜਕ ਸੌਰਭ ਮਦਾਨ ਉਰਫ ਮਿੱਠੂ ਦੀ ਪਰੇਸ਼ਾਨੀ ਵਧ ਗਈ ਹੈ। ਜਾਂਚ 'ਚ ਆਯੋਜਕ ਅਤੇ ਰੇਲਵੇ ਦੇ ਗੇਟਮੈਨ ਨੂੰ ਮੁੱਖ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ 'ਚ ਜ਼ਿੰਮੇਵਾਰ ਠਹਿਰਾਏ ਗਏ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।   ਮੁੱਖ ਮੰਤਰੀ ਦੇ ਹੁਕਮ 'ਤੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਬੀ. ਪੁਰਸਾਰਥਾ ਨੇ ਇਸ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਕੀਤੀ ਸੀ। ਦੁਸਹਿਰੇ ਵਾਲੇ ਦਿਨ ਵਾਪਰੇ ਇਸ ਹਾਦਸੇ ਵਿੱਚ 61 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਮੈਜਿਸਟ੍ਰੇਟੀ ਜਾਂਚ ਵਿੱਚ ਜਨਤਕ ਥਾਂ/ਸਰਕਾਰੀ ਜ਼ਮੀਨ 'ਤੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਨਿਯਮ ਅਤੇ ਨਿਗਰਾਨੀ ਦੇ ਪ੍ਰਸੰਗ ਵਿੱਚ ਭਿਆਨਕ ਸਥਿਤੀ ਦਾ ਖੁਲਾਸਾ ਕੀਤਾ ਗਿਆ ਹੈ।
ਇਹ ਵੀ ਪਾਇਆ ਗਿਆ ਹੈ ਕਿ ਸਮਾਗਮ ਦੇ ਪ੍ਰਬੰਧ, ਨਿਯਮ ਅਤੇ ਨਿਗਰਾਨੀ ਨਾਲ ਸਬੰਧਤ ਹਰੇਕ ਵਿਅਕਤੀ ਤੋਂ ਡਿਊਟੀ ਵਿੱਚ ਕੁਤਾਹੀ ਸਮੇਤ ਘੋਰ ਲਾਪਰਵਾਹੀ ਹੋਈ ਹੈ। ਇਹ ਠੀਕ ਹੈ ਕਿ ਡਿਊਟੀ ਵਿੱਚ ਅਜਿਹੀ ਉਕਾਈ/ਲਾਪਰਵਾਹੀ ਪਹਿਲੀ ਵਾਰ ਨਹੀਂ ਹੋਈ ਪਰ ਇਹ ਰੇਲ ਮੁਲਾਜ਼ਮਾਂ ਵੱਲੋਂ ਕੀਤੀ ਵੱਡੀ ਭੁੱਲ ਅਤੇ ਇਸ ਨਾਲ ਵਾਪਰੇ ਹਾਦਸੇ ਨਾਲ ਜੁੜੀ ਹੋਈ ਹੈ। ਸਰਕਾਰ ਨੂੰ ਸੌਂਪੀ ਗਈ ਵਿਆਪਕ ਰਿਪੋਰਟ ਵਿੱਚ ਇਸ ਹਾਦਸੇ ਨਾਲ ਜੁੜੇ ਸਾਰੇ ਪੱਖਾਂ ਨੂੰ ਘੋਖਿਆ ਗਿਆ ਹੈ। ਇਹ ਰਿਪੋਰਟ ਪ੍ਰਭਾਵਿਤ ਲੋਕਾਂ ਅਤੇ ਜ਼ਿਲਾ ਪ੍ਰਸ਼ਾਸਨ ਅਤੇ ਰੇਲਵੇ ਨਾਲ ਸਬੰਧਤ ਕਰਮਚਾਰੀਆਂ ਨਾਲ ਕੀਤੀ ਮੁਲਾਕਾਤ 'ਤੇ ਅਧਾਰਿਤ ਹੈ। ਜਾਂਚ ਰਿਪੋਰਟ ਮੁਤਾਬਕ ਭਾਵੇਂ ਦਰਸ਼ਕਾਂ ਨੇ ਰੇਲ ਟਰੈਕ ਤੋਂ ਇਸ ਸਮਾਗਮ ਨੂੰ ਦੇਖਣ ਦੀ ਭੁੱਲ ਕੀਤੀ ਜਦਕਿ ਪ੍ਰਬੰਧਕਾਂ ਨੇ ਕਿਸੇ ਆਗਿਆ ਤੋਂ ਬਗੈਰ ਸੁਰੱਖਿਆ ਦੇ ਲਿਹਾਜ਼ ਤੋਂ ਲੋੜੀਂਦੇ ਕਦਮ ਚੁੱਕਣ ਤੋਂ ਬਿਨਾਂ ਇਹ ਸਮਾਗਮ ਕਰਵਾਇਆ। ਰਿਪੋਰਟ 'ਚ ਕਾਨੂੰਨ ਦਾ ਪਾਲਣ ਕਰਨ ਵਿੱਚ ਨਾਕਾਮ ਰਹਿਣ ਅਤੇ ਬੇਲੋੜੀ ਖੁੱਲ•ਦਿਲੀ ਦਿਖਾਉਣ ਲਈ ਪੁਲੀਸ ਅਤੇ ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਕਸੂਰਵਾਰ ਠਹਿਰਾਇਆ ਹੈ।

ਇਸੇ ਤਰ•ਾਂ ਰੇਲਵੇ ਮੁਲਾਜ਼ਮ ਰੇਲਵੇ ਟਰੈਕਾਂ 'ਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਹਾਜ਼ਰ ਹੋਣ ਬਾਰੇ ਚੰਗੀ ਤਰ•ਾਂ ਪਤਾ ਹੋਣ ਦੇ ਬਾਵਜੂਦ ਉਨ•ਾਂ ਦੀ ਸਲਾਮਤੀ ਤੇ ਸੁਰੱਖਿਆ ਪੱਖੋਂ ਕਦਮ ਚੁੱਕਣ ਵਿੱਚ ਅਸਫਲ ਰਹੇ ਹਨ। ਜਾਂਚ ਦੇ ਸਿੱਟੇ ਮੁਤਾਬਕ ਗੇਟ ਨੰਬਰ-27 ਦੇ ਜੌੜਾ ਫਾਟਕ ਦਾ ਗੇਟਮੈਨ ਅਮਿਤ ਸਿੰਘ ਨਾ ਸਿਰਫ ਆਪਣੀ ਡਿਊਟੀ ਨਿਭਾਉਣ ਵਿੱਚ ਨਾਕਾਮ ਰਿਹਾ ਸਗੋਂ ਬਚਾਅ ਤੇ ਸੁਰੱਖਿਆ ਦੇ ਲਿਹਾਜ਼ ਤੋਂ ਢੁਕਵੇਂ ਕਦਮ ਨਾ ਚੁੱਕ ਕੇ ਉਸ ਨੇ ਬਹੁਤ ਵੱਡੀ ਭੁੱਲ ਕੀਤੀ ਕਿਉਂ ਜੋ ਜੇਕਰ ਅਜਿਹਾ ਕੀਤਾ ਹੁੰਦਾ ਤਾਂ ਇਸ ਹਾਦਸੇ ਤੋਂ ਸੌਖਿਆ ਹੀ ਬਚਿਆ ਜਾ ਸਕਦਾ ਸੀ। ਅਮਿਤ ਸਿੰਘ ਉਨ•ਾਂ ਮੁੱਖ ਰੇਲ ਮੁਲਾਜ਼ਮਾਂ ਵਿੱਚੋਂ ਇਕ ਹੈ ਜਿਨ੍ਹਾਂ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ। ਜਾਂਚ ਰਿਪੋਰਟ ਵਿੱਚ 26 ਨੰਬਰ ਗੇਟ ਦੇ ਗੇਟਮੈਨ ਨੂੰ ਵੀ ਉਸ ਦੀ ਨਾਕਾਮੀ ਲਈ ਕਸੂਰਵਾਰ ਠਹਿਰਾਇਆ ਹੈ। ਰਿਪੋਰਟ ਮੁਤਾਬਕ ਇਹ ਪ੍ਰਤੱਖ ਤੌਰ 'ਤੇ ਜ਼ਾਹਰ ਹੁੰਦਾ ਹੈ ਕਿ ਗੇਟ ਨੰਬਰ 26 ਦੇ ਰੇਲਵੇਜ਼ ਲੈਵਲ ਕਰਾਸਿੰਗ ਦਾ ਗੇਟਮੈਨ ਨਿਰਮਲ ਸਿੰਘ ਵੱਲੋਂ ਗੇਟ ਨੰਬਰ 27 ਦੇ ਜੌੜਾ ਫਾਟਕ ਦੇ ਗੇਟਮੈਨ ਨੂੰ ਦੇਰੀ ਨਾਲ ਸੂਚਿਤ ਕਰਨਾ ਉਸ ਦੀ ਡਿਊਟੀ ਪ੍ਰਤੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਉਸ ਨੂੰ ਸ਼ਾਮ 5.30 ਵਜੇ ਦੇ ਕਰੀਬ ਰੇਲ ਟਰੈਕਾਂ 'ਤੇ ਲੋਕਾਂ ਦੇ ਜੁੜਨ ਦਾ ਪਤਾ ਲੱਗ ਗਿਆ ਸੀ ਪਰ ਉਸ ਨੇ ਗੇਟ ਨੰਬਰ 27 ਦੇ ਗੇਟਮੈਨ ਅਮਿਤ ਸਿੰਘ ਨੂੰ ਸ਼ਾਮ 6.40-6.45 ਵਜੇ ਦੌਰਾਨ ਸੂਚਿਤ ਕੀਤਾ। ਉਸ ਨੇ ਸਬੰਧਤ ਸਟੇਸ਼ਨ ਮਾਸਟਰ ਨੂੰ ਵੀ ਨਹੀਂ ਦੱਸਿਆ ਅਤੇ ਉਥੋਂ ਗੁਜ਼ਰਨ ਵਾਲੀਆਂ ਗੱਡੀਆਂ ਨੂੰ ਸਹੀ ਸਿਗਨਲ ਦੇਣਾ ਜਾਰੀ ਰੱਖਿਆ। ਇਸ ਕਰਕੇ ਉਹ ਵੀ ਇਹ ਭਾਰੀ ਭੁੱਲ ਲਈ ਜ਼ਿੰਮੇਵਾਰ ਹੈ।


Babita

Content Editor

Related News