ਕਰਤਾਰਪੁਰ ਕੋਰੀਡੋਰ: ਦੇਖੋ ਭਾਰਤ-ਪਾਕਿ ਨੇ ਕੀ ਲਏ ਅਹਿਮ ਫੈਸਲੇ (ਵੀਡੀਓ)

03/14/2019 4:57:56 PM

ਅੰਮ੍ਰਿਤਸਰ (ਨੀਰਜ) : ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਤੱਕ ਲਾਂਘੇ ਨੂੰ ਤਿਆਰ ਕਰਨ ਸਬੰਧੀ ਆਈ. ਸੀ. ਪੀ. ਅਟਾਰੀ ਸਰਹੱਦ 'ਤੇ ਵੀਰਵਾਰ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਪਹਿਲੀ ਬੈਠਕ ਹੋਈ, ਜਿਸ ਦੌਰਾਨ ਪੁਲਵਾਮਾ ਦੀ ਅੱਤਵਾਦੀ ਘਟਨਾ ਦਾ ਗੁੱਸਾ ਸਪੱਸ਼ਟ ਨਜ਼ਰ ਆਇਆ। ਭਾਰਤੀ ਵਫਦ, ਜਿਸ ਦੀ ਅਗਵਾਈ 'ਚ ਗ੍ਰਹਿ ਮੰਤਰਾਲਾ ਦੇ ਜੁਆਇੰਟ ਸਕੱਤਰ ਐੱਸ. ਸੀ. ਐੱਲ. ਦਾਸ ਨੇ ਕੀਤੀ। ਬੈਠਕ ਪਿੱਛੋਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ 50 ਏਕੜ ਜ਼ਮੀਨ 'ਤੇ ਉਕਤ ਲਾਂਘਾ ਤਿਆਰ ਕੀਤਾ ਜਾ ਰਿਹਾ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ ਪਰ ਪਛਾਣ ਵਜੋਂ ਸ਼ਰਧਾਲੂਆਂ ਨੂੰ ਆਪਣਾ ਪਾਸਪੋਰਟ ਵਿਖਾਉਣਾ ਹੋਵੇਗਾ। ਭਾਰਤ ਸਰਕਾਰ ਦੀ ਯੋਜਨਾ ਹੈ ਕਿ ਇਕ ਦਿਨ ਵਿਚ 5 ਹਜ਼ਾਰ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਗਿਣਤੀ 500 ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹ ਯਾਤਰਾ ਬਿਲਕੁਲ ਪੈਦਲ ਹੋਵੇਗੀ ਅਤੇ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਉਸੇ ਦਿਨ ਹੀ ਵਾਪਸ ਵਤਨ ਆਉਣਾ ਹੋਵੇਗਾ। ਉਥੇ ਸ਼ਰਧਾਲੂਆਂ ਨੂੰ ਠਹਿਰਣ ਦੀ ਆਗਿਆ ਨਹੀਂ ਹੋਵੇਗੀ। ਸ਼ਰਧਾਲੂਆਂ ਕੋਲੋਂ ਸ੍ਰੀ ਕਰਤਾਰਪੁਰ ਜਾਣ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਵਸੂਲੀ ਜਾਏਗੀ। 

ਦਾਸ ਨੇ ਪਾਕਿਸਤਾਨੀ ਵਫਦ ਨਾਲ ਹੱਥ ਨਹੀਂ ਮਿਲਾਇਆ ਅਤੇ ਬੇਹੱਦ ਪ੍ਰੋਫੈਸ਼ਨਲ ਢੰਗ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਗੱਲਬਾਤ ਕੀਤੀ। ਹੱਥ ਨਾ ਮਿਲਾਏ ਜਾਣ ਦੀ ਪੁਸ਼ਟੀ ਖੁਦ ਦਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ। ਪਾਕਿਸਤਾਨੀ ਵਫਦ ਦੀ ਅਗਵਾਈ ਡਾ. ਮੁਹੰਮਦ ਫੈਜ਼ਲ ਨੇ ਕੀਤੀ। ਉਨ੍ਹਾਂ ਨੂੰ ਬੈਠਕ ਪਿੱਛੋਂ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ। ਪਾਕਿਸਤਾਨ ਵਲੋਂ ਭਾਰਤ ਨੂੰ 59 ਪੰਨਿਆਂ ਦਾ ਇਕ ਪ੍ਰਸਤਾਵ ਦਿੱਤਾ ਗਿਆ ਹੈ, ਜਿਸ ਵਿਚ 14 ਸਿਫਾਰਸ਼ਾਂ ਹਨ, ਇਸ ਪ੍ਰਸਤਾਵ 'ਚ ਪਾਕਿ ਨੇ ਕਿਹਾ ਹੈ ਕਿ  ਰੋਜ਼ਾਨਾ 500 ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਨਾ ਆਉਣ। ਪਾਕਿਸਤਾਨੀ ਵਫਦ ਬੁੱਧਵਾਰ ਸ਼ਾਮ ਨੂੰ ਅੰਮ੍ਰਿਤਸਰ ਪੁੱਜਾ ਸੀ। ਰਾਜਾਸਾਂਸੀ ਦੇ ਹਵਾਈ ਅੱਡੇ 'ਤੇ ਪਾਕਿਸਤਾਨ ਦੇ ਉਪ ਹਾਈ ਕਮਿਸ਼ਨਰ ਹੈਦਰ ਸ਼ਾਹ ਨੇ ਲਾਂਘੇ ਬਾਰੇ ਫੈਸਲੇ ਨੂੰ ਪਾਕਿਸਤਾਨ ਦੀ ਪਹਿਲ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਇਹ ਲਾਂਘਾ ਖੋਲ੍ਹਣਾ ਚਾਹੁੰਦੇ ਹਾਂ ਤਾਂ ਜੋ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪਾਕਿਸਤਾਨ ਆਉਣ ਦਾ ਮੌਕਾ ਮਿਲ ਸਕੇ। 

ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ
ਦਾਸ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਾਕਿਸਤਾਨ ਨਾਲ ਸੁਰੱਖਿਆ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕੀਤਾ ਗਿਆ। ਪਾਕਿਸਤਾਨ ਨੇ ਭਰੋਸਾ ਦਿੱਤਾ ਹੈ ਕਿ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਖਾਲਿਸਤਾਨ ਹਮਾਇਤੀ ਗੋਪਾਲ ਸਿੰਘ ਚਾਵਲਾ ਦੇ ਪਾਕਿਸਤਾਨ ਵਿਚ ਹੋਣ ਅਤੇ ਲਾਂਘੇ ਦੇ ਆਸ-ਪਾਸ ਡੇਰਾ ਲਾਏ ਜਾਣ ਸਬੰਧੀ ਦਾਸ ਨੇ ਕਿਹਾ ਕਿ ਭਾਰਤ ਸਰਕਾਰ ਇਸ ਨਾਜ਼ੁਕ ਮੁੱਦੇ 'ਤੇ ਪੂਰੀ ਤਰ੍ਹਾਂ ਚੌਕਸ ਹੈ। ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਚਾਵਲਾ ਤੋਂ ਦੂਰ ਰੱਖਿਆ ਜਾਏ, ਸਬੰਧੀ ਪਾਕਿਸਤਾਨੀ ਅਧਿਕਾਰੀਆਂ ਨਾਲ ਗੰਭੀਰ ਗੱਲਬਾਤ ਹੋਈ ਹੈ। 

2 ਅਪ੍ਰੈਲ ਨੂੰ ਹੋਵੇਗੀ ਦੂਜੀ ਬੈਠਕ
ਦਾਸ ਨੇ ਦੱਸਿਆ ਕਿ ਦੂਜੀ ਅਹਿਮ ਮੀਟਿੰਗ 2 ਅਪ੍ਰੈਲ ਨੂੰ ਰੱਖੀ ਗਈ ਹੈ।  ਉਸ ਦਿਨ ਦੋਵਾਂ ਧਿਰਾਂ ਵਲੋਂ ਹੋਰ ਵਿਚਾਰ-ਵਟਾਂਦਰਾ ਕੀਤਾ ਜਾਏਗਾ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਹੱਲ ਲਈ ਸੋਚ ਵਿਚਾਰ ਕੀਤੀ ਜਾਏਗੀ। 

ਨਵੰਬਰ ਤੱਕ ਪੂਰਾ ਹੋ ਜਾਏਗਾ ਪਹਿਲਾ ਪੜਾਅ
ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਪ੍ਰਾਜੈਕਟ 100 ਫੀਸਦੀ ਮੁਕੰਮਲ ਕਰਨ ਲਈ ਭਾਰਤ ਸਰਕਾਰ ਵਲੋਂ ਕੋਈ ਡੈੱਡਲਾਈਨ ਨਹੀਂ ਮਿੱਥੀ  ਗਈ ਪਰ ਭਾਰਤੀ ਵਫਦ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਇਸ ਸਾਲ ਨਵੰਬਰ ਤੱਕ ਇਸ ਪ੍ਰਾਜੈਕਟ ਦਾ ਪਹਿਲਾ ਪੜਾਅ ਮੁਕੰਮਲ ਕਰ ਲਿਆ ਜਾਏਗਾ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਗਟ ਉਤਸਵ 'ਤੇ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ।

ਜ਼ਮੀਨ ਹਾਸਲ ਕਰਨ 'ਚ ਕੋਈ ਰੁਕਾਵਟ ਨਹੀਂ 
ਭਾਵੇਂ ਭਾਰਤੀ ਵਫਦ ਦਾਅਵਾ ਕਰ ਰਿਹਾ ਹੈ ਕਿ  ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਪਹਿਲਾ ਪੜਾਅ ਇਸ ਸਾਲ ਨਵੰਬਰ ਤੱਕ ਮੁਕੰਮਲ ਕਰ ਲਿਆ ਜਾਏਗਾ ਪਰ ਜ਼ਮੀਨੀ ਪੱਧਰ 'ਤੇ ਅਜੇ ਤੱਕ ਡੇਰਾ ਬਾਬਾ ਨਾਨਕ ਵਿਖੇ ਇਕ ਏਕੜ ਜ਼ਮੀਨ ਵੀ ਹਾਸਲ ਨਹੀਂ ਕੀਤੀ ਗਈ। ਇਸ ਦਾ ਕਾਰਨ ਇਹ ਹੈ ਕਿ ਉਥੋਂ ਦੇ ਕਿਸਾਨ ਪ੍ਰਤੀ ਏਕੜ ਜ਼ਮੀਨ ਲਈ 2 ਕਰੋੜ ਰੁਪਏ ਮੰਗ ਰਹੇ ਹਨ। ਜਗ ਬਾਣੀ ਵਲੋਂ ਇਸ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਐੱਸ. ਸੀ. ਐੱਲ. ਦਾਸ ਨੇ ਕਿਹਾ ਕਿ ਜ਼ਮੀਨ ਹਾਸਲ ਕਰਨ ਦੇ ਮਾਮਲੇ ਵਿਚ ਕੋਈ ਰੁਕਾਵਟ ਨਹੀਂ।

ਸਾਂਝੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ
ਮੰਨਿਆ ਜਾ ਰਿਹਾ ਸੀ ਕਿ ਇਸ ਮਾਮਲੇ ਵਿਚ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀ ਸਾਂਝੀ ਪ੍ਰੈੱਸ ਕਾਨਫਰੰਸ ਕਰਨਗੇ ਪਰ ਇੰਝ ਨਹੀਂ ਹੋਇਆ। ਐੱਸ. ਸੀ.ਐੱਲ. ਦਾਸ ਨੇ ਹੀ ਬਾਅਦ ਵਿਚ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ। 

19 ਨੂੰ ਵਾਹਗਾ ਵਿਖੇ ਤਕਨੀਕੀ ਮਾਹਿਰਾਂ ਦੀ ਹੋਵੇਗੀ ਗੱਲਬਾਤ
ਵਿਦੇਸ਼ ਮੰਤਰਾਲਾ ਦੇ ਜੁਆਇੰਟ ਸਕੱਤਰ ਦਾਸ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਸਬੰਧੀ ਦੋਵਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਦੀ ਇਕ ਬੈਠਕ ਪਾਕਿਸਤਾਨੀ ਕਸਬੇ ਵਾਹਗਾ ਵਿਖੇ 19 ਮਾਰਚ ਨੂੰ ਹੋਵੇਗੀ। ਉਥੇ ਭਾਰਤੀ ਤਕਨੀਕੀ ਮਾਹਿਰ ਗਰਾਊਂਡ ਲੈਵਲ 'ਤੇ ਜਾ ਕੇ ਮੌਕਾ ਵੇਖਣਗੇ। ਨਾਲ ਹੀ ਲਾਂਘੇ ਦੀ ਉਸਾਰੀ ਸਬੰਧੀ ਆਪਸੀ ਤਾਲਮੇਲ ਦੀ ਰੂਪ-ਰੇਖਾ ਵੀ ਤਿਆਰ ਕਰਨਗੇ।


Baljeet Kaur

Content Editor

Related News