ਖੁਰਦ-ਬੁਰਦ ਹੋਏ ਸਰੂਪਾਂ ਦੇ ਮਾਮਲੇ 'ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
Monday, Aug 31, 2020 - 12:07 PM (IST)
ਅੰਮ੍ਰਿਤਸਰ (ਅਨਜਾਣ) : ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਥਿਤ ਪਬਲੀਕੇਸ਼ਨ ਵਿਭਾਗ ਵਿਚੋਂ 328 ਸਰੂਪਾਂ ਬਾਰੇ ਮਾਮਲੇ ਦੀ ਜਾਂਚ ਵਿਚ ਪਤਾ ਨਹੀਂ ਲੱਗ ਸਕਿਆ ਕਿ ਪਾਵਨ ਸਰੂਪ ਕਿੱਥੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕੀਤਾ। ਸਿੰਘ ਸਾਹਿਬ ਨੇ ਕਿਹਾ ਕਿ ਇਸੇ ਲਈ ਹੀ ਅਧਿਕਾਰੀਆਂ ਅਤੇ ਮੁਲਾਜ਼ਮਾਂ 'ਤੇ ਮੁਕੱਦਮੇ ਦਰਜ ਕਰਵਾਉਣ ਲਈ ਕਿਹਾ ਗਿਆ ਹੈ, ਤਾਂ ਜੋ ਉਹ ਦੱਸਣ ਕਿ ਪਾਵਨ ਸਰੂਪ ਕਿੱਥੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੇਵਲ ਧਾਰਜਿਕ ਸਜ਼ਾ ਹੀ ਸੁਣਾਈ ਜਾ ਸਕਦੀ ਹੈ, ਜਿਸ ਲਈ ਜਾਂਚ ਅਨੁਸਾਰ ਦੋਸ਼ੀਆਂ ਲਈ ਵਿਭਾਗੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਦਾਦਾਗਿਰੀ: ਜਨਾਨੀ ਨੂੰ ਫ਼ੋਨ ਕਰ ਗ਼ਲਤ ਕੰਮ ਲਈ ਮਜ਼ਬੂਰ ਕਰਦਾ ਸੀ ਮੁਨਸ਼ੀ,ਸਕਰੀਨ ਸ਼ਾਟ ਹੋਏ ਵਾਇਰਲ
ਪਾਵਨ ਸਰੂਪਾਂ ਬਾਰੇ ਪਤਾ ਲਾਉਣ ਲਈ ਜਾਂਚ ਕਮੇਟੀ ਨੇ ਬਿਆਨਕਰਤਾ ਵੱਲੋਂ ਦੱਸੇ ਅਨੁਸਾਰ ਕੜੀ ਨਾਲ ਕੜੀ ਜੋੜੀ ਹੈ ਅਤੇ ਜਾਂ ਫੇਰ ਰਿਕਾਰਡ ਨੂੰ ਖੰਗਾਲਿਆ ਹੈ ਪਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਆਖਿਰਕਾਰ ਘੱਟ ਪਾਏ ਗਏ ਪਾਵਨ ਸਰੂਪ ਕਿੱਥੇ ਹਨ। ਸਰੂਪਾਂ ਬਾਰੇ ਪਤਾ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਕ ਪਾਵਨ ਸਰੂਪ ਦੀ ਭੇਟਾ 2100 ਰੁਪਏ ਹੁੰਦੀ ਹੈ ਅਤੇ 328 ਸਰੂਪਾਂ ਦੀ ਭੇਟਾ ਲਗਭਗ 6-7 ਲੱਖ ਦੇ ਕਰੀਬ ਬਣਦੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦੀ ਰਸੀਦ ਨਾ ਕੱਟੀ ਗਈ ਹੋਵੇ ਅਤੇ ਉਹ ਭੇਟਾ ਜ਼ੇਬ ਵਿਚ ਪਾ ਲਈ ਗਈ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਜ਼ੁਬਾਨੀ ਕਿਹਾ ਗਿਆ ਹੈ ਅਤੇ ਹੋ ਸਕਦਾ ਹੈ ਕਿ ਪੱਤਰ ਵੀ ਲਿਖੀਏ ਕਿ ਪਾਵਨ ਸਰੂਪ ਭੇਟਾ ਰਹਿਤ ਹੀ ਦਿੱਤੇ ਜਾਣ ਪਰ ਉਨ੍ਹਾਂ ਦੇ ਨਿਯਮ ਸਖ਼ਤ ਕਰ ਦਿੱਤੇ ਜਾਣ।
ਇਹ ਵੀ ਪੜ੍ਹੋ : ਐੱਲ.ਓ.ਸੀ 'ਤੇ ਸ਼ਹੀਦ ਹੋਇਆ ਨਾਇਬ ਸੂਬੇਦਾਰ, ਪੁੱਤ ਬੋਲਿਆ- ਵੱਡਾ ਹੋ ਫ਼ੌਜੀ ਬਣ ਕੇ ਲਵਾਂਗਾ ਪਿਤਾ ਦੀ ਮੌਤ ਦਾ ਬਦਲਾ
ਉਨ੍ਹਾਂ ਇਤਰਾਜ਼ ਜਿਤਾਉਂਦਿਆਂ ਕਿਹਾ ਕਿ ਪਬਲੀਕੇਸ਼ਨ ਵਿਭਾਗ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕੇਵਲ ਨਲਾਇਕ ਅਧਿਕਾਰੀ ਜਾਂ ਕਰਮਚਾਰੀ ਹੀ ਲਾਏ ਜਾਂਦੇ ਰਹੇ। ਜਿਸ ਨੂੰ ਕੁਝ ਨਹੀਂ ਆਉਂਦਾ ਜਾਂ ਜਿਸਦੀ ਬਦਲੀ ਕਰਨੀ ਹੁੰਦੀ ਤਾਂ ਉਸ ਦੀ ਡਿਊਟੀ ਪਬਲੀਕੇਸ਼ਨ ਵਿਭਾਗ ਵਿਚ ਲਾ ਦਿੱਤੀ ਜਾਂਦੀ, ਜਦਕਿ ਚਾਹੀਦਾ ਇਹ ਸੀ ਕਿ ਪਬਲੀਕੇਸ਼ਨ ਵਿਭਾਗ ਇਕ ਅਹਿਮ ਵਿਭਾਗ ਹੈ ਅਤੇ ਉੱਥੇ ਬੜੇ ਈਮਾਨਦਾਰ, ਸੁਲਝੇ ਹੋਏ ਅਤੇ ਚੰਗੇ ਆਚਰਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਲਾਏ ਜਾਂਦੇ । ਉਨ੍ਹਾਂ ਕਿਹਾ ਕਿ ਆਖਿਰ ਤਕ ਕਿਸੇ ਬਾਰੇ ਕੁਝ ਨਹੀਂ ਦੱਸਿਆ ਗਿਆ, ਜਿਨ੍ਹਾਂ ਦੀ ਇਨਵੈਸਟੀਗੇਸ਼ਨ ਹੁੰਦੀ ਰਹੀ ਉਹ ਕਨਫਿਊਜ਼ ਰਹੇ ਅਤੇ ਜਾਂਚ ਕਮੇਟੀ ਵੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਨਹੀਂ ਸੀ ਜਾਣਦੀ , ਇਸ ਕਰਕੇ ਸਾਨੂੰ ਕਿਸੇ ਦੀ ਸਿਫ਼ਾਰਸ਼ ਨਹੀਂ ਆਈ।