ਰੋਜ਼ਗਾਰ ਮੇਲੇ ’ਚ 289 ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ

Thursday, Feb 14, 2019 - 04:36 AM (IST)

ਰੋਜ਼ਗਾਰ ਮੇਲੇ ’ਚ 289 ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ
ਅੰਮ੍ਰਿਤਸਰ (ਨੀਰਜ)-ਸਰਕਾਰੀ ਬਹੁ-ਤਕਨੀਕੀ ਕਾਲਜ ਛੇਹਰਟਾ ਵਿਖੇ ਮੈਗਾ ਰੋਜ਼ਗਾਰ ਮੇਲਾ ਲਾਇਆ ਗਿਆ, ਜਿਸ ਵਿਚ 1265 ਨੌਜਵਾਨਾਂ ਨੇ ਹਿੱਸਾ ਲਿਆ। ਇਸ ਦੌਰਾਨ 31 ਤੋਂ ਵੱਧ ਕੰਪਨੀਆਂ ਨੇ ਡਿਪਲੋਮਾ ਹੋਲਡਰ, ਗ੍ਰੈਜੂਏਟ, ਡਿਗਰੀ ਹੋਲਡਰ ਪਾਸ 289 ਨੌਜਵਾਨਾਂ ਤੇ ਮੁਟਿਆਰਾਂ ਨੂੰ ਨੌਕਰੀ ਲਈ ਚੁਣਿਆ ਤੇ 374 ਨੌਜਵਾਨਾਂ ਨੂੰ ਸ਼ਾਰਟ ਲਿਸਟ ਕੀਤਾ। ਰੋਜ਼ਗਾਰ ਮੇਲੇ ਦੌਰਾਨ ਹੋਟਲ ਹਯਾਤ ਵੱਲੋਂ ਰੋਹਿਤ ਕੁਮਾਰ ਨਾਂ ਦੇ ਇਕ ਦਿਵਿਆਂਗ ਵਿਅਕਤੀ ਨੂੰ ਨੌਕਰੀ ਦੇਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਘਾ ਨੇ ਕਿਹਾ ਕਿ ਇਸ ਦਿਵਿਆਂਗ ਵਿਅਕਤੀ ਨੂੰ ਯੋਗਤਾ ਦੇ ਆਧਾਰ ’ਤੇ ਹੋਟਲ ਵੱਲੋਂ ਨੌਕਰੀ ਦਿੱਤੀ ਗਈ ਹੈ ਤੇ ਹੋਟਲ ਵੱਲੋਂ ਹੀ ਇਸ ਨੂੰ ਘਰੋਂ ਲਿਜਾਣ ਤੇ ਛੱਡਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ® ਇਸ ਰੋਜ਼ਗਾਰ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ’ਚ ਨੌਕਰੀ ਲੱਭਣ ਵਾਲੇ ਤੇ ਨੌਕਰੀ ਦੇਣ ਵਾਲੇ ਉੱਦਮੀਆਂ ਨੂੰ ਇਕੋ ਪਲੇਟਫਾਰਮ ’ਤੇ ਇਕੱਠਾ ਕੀਤਾ ਜਾਂਦਾ ਹੈ ਅਤੇ ਉਹ ਆਪਣੀ ਯੋਗਤਾ ਦੇ ਆਧਾਰ ’ਤੇ ਨੌਕਰੀ ਹਾਸਲ ਕਰ ਸਕਦੇ ਹਨ। ਸੰਘਾ ਨੇ ਦੱਸਿਆ ਕਿ ਕੁਝ ਕੰਪਨੀਆਂ ਦੀ ਮੰਗ ਅਨੁਸਾਰ 16 ਤੇ 20 ਫਰਵਰੀ ਨੂੰ ਵੀ ਛੋਟੇ-ਛੋਟੇ ਰੋਜ਼ਗਾਰ ਮੇਲੇ ਜ਼ਿਲਾ ਰੋਜ਼ਗਾਰ ਬਿਊਰੋ ਦਫ਼ਤਰ ਵਿਖੇ ਲਾਏ ਜਾਣਗੇ, ਜਿਥੇ ਕੰਪਨੀਆਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਨੌਜਵਾਨ ਮੁਹੱਈਆ ਕਰਵਾਏ ਜਾਣਗੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹਡ਼ੇ ਨੌਜਵਾਨ ਅੱਜ ਨੌਕਰੀ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਲਈ ਅਗਲਾ ਰੋਜ਼ਗਾਰ ਮੇਲਾ 22 ਫਰਵਰੀ ਸਰਕਾਰੀ ਬਹੁ-ਤਕਨੀਕੀ ਕਾਲਜ ਛੇਹਰਟਾ ਵਿਖੇ ਲਾਇਆ ਜਾ ਰਿਹਾ ਹੈ, ਜਿਸ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਜ਼ਿਲਾ ਰੋਜ਼ਗਾਰ ਤੇ ਬਿਊਰੋ ਦਫਤਰ ਖੋਲ੍ਹਿਆ ਗਿਆ ਹੈ, ਜਿਸ ਵਿਚ ਬੇਰੋਜ਼ਗਾਰ ਨੌਜਵਾਨ ਆਪਣਾ ਨਾਂ ਰਜਿਸਟਰਡ ਕਰਵਾ ਸਕਦੇ ਹਨ, ਜਿਥੇ ਦਫਤਰ ਵੱਲੋਂ ਨੌਕਰੀ ਲੈਣ ਲਈ ਉਨ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹਡ਼ੇ ਨੌਜਵਾਨ ਆਪਣਾ ਕੰਮ ਖੋਲ੍ਹਣਾ ਚਾਹੁੰਦੇ ਹਨ, ਨੂੰ ਮੁਦਰਾ ਯੋਜਨਾ ਤਹਿਤ ਕਰਜ਼ਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ।

Related News