31 ਮਾਰਚ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ’ਚ ਪੈਂਦੇ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਨਾ ਕੀਤੀ ਜਾਵੇ : ਭੋਮਾ, ਗਿੱਲ

Thursday, Feb 14, 2019 - 04:35 AM (IST)

31 ਮਾਰਚ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ’ਚ ਪੈਂਦੇ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਨਾ ਕੀਤੀ ਜਾਵੇ : ਭੋਮਾ, ਗਿੱਲ
ਅੰਮ੍ਰਿਤਸਰ (ਸਰਬਜੀਤ)-ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਤੇ ਹਰਪਾਲ ਸਿੰਘ ਗਿੱਲ ਮਜੀਠਾ ਦੀ ਅਗਵਾਈ ’ਚ ਕਾਂਸ਼ੀ ਤੇ ਹਰਿਦੁਆਰ ਦੀ ਤਰਜ਼ ’ਤੇ ਅੰਮ੍ਰਿਤਸਰ ਸ਼ਹਿਰ ਨੂੰ ਸਰਕਾਰ ਤੋਂ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ ਮਜੀਠਾ ਵਿਖੇ ਮੀਟਿੰਗ ਹੋਈ, ਜਿਸ ਦੀ ਜਾਣਕਾਰੀ ਦਿੰਦਿਆਂ ਭੋਮਾ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਵਿਸ਼ਵ ’ਚ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲਾ ਇਤਿਹਾਸਕ ਅਸਥਾਨ ਹੈ, ਜਿਥੇ ਲੱਖਾਂ ਦੀ ਗਿਣਤੀ ’ਚ ਹਰੇਕ ਧਰਮ ਨਾਲ ਸਬੰਧਤ ਸੰਗਤਾਂ ਰੋਜ਼ਾਨਾ ਨਤਮਸਤਕ ਹੁੰਦੀਆਂ ਹਨ। ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਏਅਰਪੋਰਟ ਰਾਜਾਸਾਂਸੀ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ-ਜਾਣ ਵਾਲੇ ਰਸਤੇ ’ਚ ਚੌਕ ਮਹਾ ਸਿੰਘ, ਹਾਲ ਗੇਟ ਤੇ ਥਾਣਾ ਬੀ-ਡਵੀਜ਼ਨ ਨੇਡ਼ੇ ਸਥਿਤ ਸ਼ਰਾਬ ਦੇ ਠੇਕੇ, ਮੀਟ ਤੇ ਪਾਨ-ਬੀਡ਼ੀ ਦੀਆਂ ਦੁਕਾਨਾਂ ਸੰਗਤਾਂ ਨੂੰ ਭਾਰੀ ਠੇਸ ਪਹੁੰਚਾ ਰਹੀਆਂ ਹਨ ਪਰ ਇਸ ਵੱਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਬੰਧੀ ਸਮਾਜ ਸੁਧਾਰ ਸੰਸਥਾ ਪੰਜਾਬ ਸਮੇਤ ਹੋਰ ਵੀ ਕਈ ਜਥੇਬੰਦੀਆਂ ਤੇ ਨਾਨਕ ਨਾਮਲੇਵਾ ਸੰਗਤਾਂ ਵੱਲੋਂ ਇਨ੍ਹਾਂ ਸ਼ਰਾਬ ਦੇ ਠੇਕਿਆਂ, ਮੀਟ ਤੇ ਪਾਨ-ਬੀਡ਼ੀ ਦੀਆਂ ਦੁਕਾਨਾਂ ਨੂੰ ਪੱਕੇ ਤੌਰ ’ਤੇ ਇਨ੍ਹਾਂ ਰਸਤਿਆਂ ’ਚੋਂ ਚੁਕਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਤੇ ਸਰਕਾਰ ਆਪਣੀਆਂ ਵੋਟਾਂ ਤੱਕ ਹੀ ਸੀਮਤ ਹੈ। ਭੋਮਾ ਤੇ ਗਿੱਲ ਮਜੀਠਾ ਨੇ ਦੱਸਿਆ ਕਿ 31 ਮਾਰਚ ਨੂੰ ਸ਼ਰਾਬ ਦੇ ਠੇਕਿਆਂ ਦੀ ਹੋਣ ਵਾਲੀ ਨੀਲਾਮੀ ਸਮੇਂ ਹਰਿਮੰਦਰ ਸਾਹਿਬ ਜੀ ਦੇ ਰਸਤਿਆਂ ’ਚ ਪੈਂਦੇ ਠੇਕਿਆਂ ਦੀ ਨੀਲਾਮੀ ਨਾ ਕਰਵਾਈ ਜਾਵੇ, ਇਸ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਐੱਸ. ਡੀ. ਐੱਮ. ਮਜੀਠਾ ਨੂੰ ਜਲਦ ਹੀ ਸਭਾ-ਸੋਸਾਇਟੀਆਂ ਦੇ ਸਹਿਯੋਗ ਨਾਲ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਬਾਬਾ ਰਛਪਾਲ ਸਿੰਘ ਮਜੀਠਾ, ਨਰਿੰਦਰ ਸਿੰਘ ਜੱਸਲ, ਡਾ. ਸੁਖਦੀਪ ਸਿੰਘ ਨਾਗ ਨਵੇਂ, ਰੁਪਿੰਦਰ ਸਿੰਘ ਜੇਠੂਨੰਗਲ, ਸੁਖਵਿੰਦਰ ਸਿੰਘ ਜੇਠੂਨੰਗਲ, ਅਵਤਾਰ ਸਿੰਘ ਬੁੱਢਾਥੇਹ, ਜੋਗਾ ਸਿੰਘ ਅਠਵਾਲ, ਰਕੇਸ਼ ਕੁਮਾਰ ਟਿੰਕੂ ਮਜੀਠਾ, ਗੁਰਪ੍ਰੀਤ ਸਿੰਘ ਦਾਦੂਪੁਰਾ ਆਦਿ ਸਮਾਜ ਸੇਵੀ ਹਾਜ਼ਰ ਸਨ।

Related News