ਪੌਪ ਸਿੰਗਰ ਮੀਕਾ ਸਿੰਘ ਦੇ ''ਪਾਕਿ ਪ੍ਰੇਮ'' ''ਤੇ ਖੁਫੀਆ ਵਿਭਾਗ ਦੀਆਂ ਨਜ਼ਰਾਂ

08/18/2019 11:04:48 AM

ਅੰਮ੍ਰਿਤਸਰ (ਸਫਰ) : ਬਾਲੀਵੁੱਡ ਫਿਲਮਾਂ 'ਚ ਗਾਇਕੀ 'ਚ ਉੱਚਾ ਨਾਂ ਕਮਾ ਚੁੱਕੇ ਪੌਪ ਸਿੰਗਰ ਮੀਕਾ ਸਿੰਘ ਦੇ 'ਪਾਕਿ ਪ੍ਰੇਮ' ਨੇ ਉਨ੍ਹਾਂ ਦੇ ਕਰੀਅਰ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਜਿਥੇ ਮੀਕਾ ਸਿੰਘ ਨੇ ਪਾਕਿਸਤਾਨ 'ਚ ਅੱਤਵਾਦੀ ਸਮਰਥਕਾਂ ਨਾਲ ਫੋਟੋ ਖਿੱਚਵਾਈ ਹੈ, ਉਥੇ ਹੀ ਪਾਕਿਸਤਾਨ ਤੋਂ 15 ਅਗਸਤ ਨੂੰ ਆਉਂਦੇ ਸਮੇਂ ਅਟਾਰੀ ਬਾਰਡਰ 'ਤੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਾਏ। ਅਜਿਹੇ 'ਚ ਬਾਰਡਰ ਦੇ ਦੋਵੇਂ ਪਾਸੇ ਮੀਕਾ ਸਿੰਘ ਦੇ ਵੱਖ-ਵੱਖ 'ਸਟੈਂਡ' 'ਤੇ ਖੁਫੀਆ ਵਿਭਾਗ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਕਾ ਸਿੰਘ ਦਾ 'ਪਾਕਿਸਤਾਨ ਕੁਨੈਕਸ਼ਨ' ਵਾਇਆ ਕੈਨੇਡਾ-ਦੁਬਈ 'ਤੇ ਵੀ ਖੁਫੀਆ ਵਿਭਾਗ ਦੀਆਂ ਨਜ਼ਰਾਂ ਟਿਕ ਗਈਆਂ ਹਨ।

ਮੀਕਾ ਸਿੰਘ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੀ ਭਤੀਜੀ ਦੇ ਵਿਆਹ 'ਚ ਕਰਾਂਚੀ 'ਚ ਆਪਣੇ 14 ਸਾਥੀਆਂ ਨਾਲ ਪ੍ਰੋਗਰਾਮ ਕਰਨ ਉਸ ਸਮੇਂ ਗਏ, ਜਦੋਂ ਉਥੋਂ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਹਟਾਉਣ ਤੋਂ ਬਾਅਦ ਲੜਾਈ ਦੀਆਂ ਧਮਕੀਆਂ ਦੇ ਰਹੇ ਹਨ। ਇਹੀ ਨਹੀਂ, ਮੀਕਾ ਸਿੰਘ ਦੀ ਪਾਕਿਸਤਾਨ 'ਚ ਅੱਤਵਾਦੀਆਂ ਦੇ ਸਮਰਥਕ ਗੋਪਾਲ ਚਾਵਲਾ ਨਾਲ ਵਾਇਰਲ ਹੋਈ ਫੋਟੋ ਤੋਂ ਬਾਅਦ ਖੁਫੀਆ ਵਿਭਾਗ ਨੇ ਵੀ ਮੀਕਾ ਸਿੰਘ 'ਤੇ ਨਜ਼ਰਾਂ ਟਿਕਾ ਦਿੱਤੀਆਂ ਹਨ। ਗੋਪਾਲ ਚਾਵਲਾ ਨੇ ਮੀਕਾ ਸਿੰਘ ਦੀ ਫੋਟੋ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੇ ਬਾਅਦ ਤੋਂ ਮੀਕਾ ਸਿੰਘ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਖੁਫੀਆ ਵਿਭਾਗ ਦੀ ਮੰਨੀਏ ਤਾਂ ਗੋਪਾਲ ਚਾਵਲਾ ਦੇ ਨਾਲ ਮੀਕਾ ਸਿੰਘ ਦੀ ਫੋਟੋ ਟਰੋਲ ਹੋਣ ਦੇ ਬਾਅਦ ਹਰ ਕੋਨੇ ਤੋਂ ਖੁਫੀਆ ਵਿਭਾਗ ਜਾਂਚ 'ਚ ਲੱਗ ਗਿਆ ਹੈ।

ਦੇਸ਼ 'ਚ ਕਿਤੇ ਵੀ ਨਹੀਂ ਹੋਣ ਦੇਵਾਂਗੇ ਮੀਕਾ ਸਿੰਘ ਦਾ ਸ਼ੋਅ : ਸੂਰੀ
ਮੀਕਾ ਸਿੰਘ ਗਾਇਕੀ ਦੇ ਨਾਲ ਘਟੀਆ ਹਰਕਤਾਂ ਕਾਰਨ ਵੀ ਚਰਚਾਵਾਂ 'ਚ ਰਹਿੰਦਾ ਆਇਆ ਹੈ, ਜਿਸ ਤਰ੍ਹਾਂ ਭਾਰਤ-ਪਾਕਿਸਤਾਨ 'ਚ ਬਣਦੇ-ਵਿਗੜਦੇ ਮਾਹੌਲ 'ਚ ਉਸ ਨੇ ਕਰਾਂਚੀ 'ਚ ਜਾ ਕੇ ਮਹਿਫਲ ਜਮਾਈ, ਉਸ ਤੋਂ ਭਾਰਤੀ ਨਾਰਾਜ਼ ਹਨ। ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਨੇ ਮੀਕਾ ਸਿੰਘ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਵਿਚ ਹਿੰਮਤ ਹੈ ਤਾਂ ਪੰਜਾਬ 'ਚ ਕੋਈ ਪ੍ਰੋਗਰਾਮ ਕਰ ਕੇ ਦਿਖਾਏ, ਮੀਕਾ ਸਿੰਘ ਦਾ ਦੇਸ਼ 'ਚ ਜਿਥੇ ਵੀ ਸ਼ੋਅ ਹੋਵੇਗਾ, ਉਥੇ ਸ਼ਿਵ ਸੈਨਾ ਟਕਸਾਲੀ ਉਸ ਦੇ ਵਿਰੋਧ 'ਚ ਸੜਕਾਂ 'ਤੇ ਉੱਤਰੇਗੀ ਤੇ ਉਸ ਦਾ ਵੀ ਕੋਈ ਸ਼ੋਅ ਨਹੀਂ ਹੋਣ ਦਿੱਤਾ ਜਾਵੇਗਾ।


Baljeet Kaur

Content Editor

Related News