ਜਪੁਜੀ ਸਾਹਿਬ ਦੀ 19 ਭਾਸ਼ਾਵਾਂ ''ਚ ਅਨੁਵਾਦਿਤ ਪੋਥੀ SGPC ਨੂੰ ਭੇਟ

11/09/2019 2:05:19 PM

ਅੰਮ੍ਰਿਤਸਰ (ਦੀਪਕ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ ਅੰਤਰ ਧਰਮ ਸੰਵਾਦ ਸੰਮੇਲਨ ਦੌਰਾਨ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਜਪੁਜੀ ਸਾਹਿਬ ਦਾ ਸਿੱਖ ਧਰਮਾ ਇੰਟਰਨੈਸ਼ਨਲ ਅਮਰੀਕਾ ਵਲੋਂ 19 ਕੌਮਾਂਤਰੀ ਭਾਸ਼ਾਵਾਂ 'ਚ ਕੀਤਾ ਗਿਆ ਅਨੁਵਾਦ ਜਾਰੀ ਕੀਤਾ ਗਿਆ। ਇਸ ਦੀ ਪਹਿਲੀ ਪੋਥੀ ਸਿੱਖ ਧਰਮਾ ਇੰਟਰਨੈਸ਼ਨਲ ਦੇ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪੀ ਗਈ।

ਦੱਸਣਯੋਗ ਹੈ ਕਿ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੋਗੀ ਵਲੋਂ ਚਲਾਈ ਗਈ ਸੰਸਥਾ ਨੇ ਡਾ. ਬੀਬੀ ਇੰਦਰਜੀਤ ਕੌਰ ਦੀ ਅਗਵਾਈ 'ਚ ਇਹ ਵਿਸ਼ੇਸ਼ ਕਾਰਜ ਕੀਤਾ ਹੈ। ਇਸ ਦੀ ਪਹਿਲੀ ਤਿਆਰ ਕੀਤੀ ਗਈ ਵਿਸ਼ੇਸ਼ ਪੋਥੀ ਨੂੰ ਕੇਂਦਰੀ ਸਿੱਖ ਅਜਾਇਬ ਘਰ 'ਚ ਸੰਭਾਲਿਆ ਜਾਵੇਗਾ। ਲਗਭਗ 400 ਪੰਨਿਆਂ ਦੀ ਇਸ ਪੋਥੀ ਦੀ ਜਿਲਦ ਚਾਂਦੀ ਨਾਲ ਜੜ੍ਹੀ ਗਈ ਹੈ। ਸਿੱਖ ਧਰਮਾ ਇੰਟਰਨੈਸ਼ਨਲ ਵਲੋਂ ਇਹ ਪਹਿਲੀ ਪੋਥੀ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਸਮੇਂ ਭਾਈ ਹਰਭਜਨ ਸਿੰਘ ਜੋਗੀ ਦੇ ਸਪੁੱਤਰ ਕੁਲਬੀਰ ਸਿੰਘ, ਡਾ. ਹਰਜੋਤ ਕੌਰ ਖਾਲਸਾ, ਬੀਬੀ ਗੁਰਜੋਤ ਕੌਰ ਖ਼ਾਲਸਾ, ਭਾਈ ਸਦਾਸਤਿਸਿਮਰਨ ਸਿੰਘ, ਬੀਬੀ ਸਤਵੰਤ ਕੌਰ ਆਦਿ ਮੌਜੂਦ ਸਨ। ਅੰਤਰ ਧਰਮ ਸੰਵਾਦ ਸੰਮੇਲਨ ਦੌਰਾਨ ਸਿੰਘ ਸਾਹਿਬਾਨ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ 2 ਪੁਸਤਕਾਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਸ਼ਤਾਬਦੀ ਮੌਕੇ ਤਿਆਰ ਕੀਤਾ ਗਿਆ ਯਾਦਗਾਰੀ ਸੋਵੀਨਰ ਵੀ ਜਾਰੀ ਕੀਤਾ।

ਤਿੰਨ ਸਿੱਖ ਸ਼ਖਸੀਅਤਾਂ ਦਾ ਸਨਮਾਨ
ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਅੱਜ ਹੋਏ ਸੰਮੇਲਨ ਮੌਕੇ ਤਿੰਨ ਸਿੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ ਸੁਰਿੰਦਰ ਸਿੰਘ ਕੰਧਾਰੀ ਚੇਅਰਮੈਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ, ਡਾ. ਬੀਬੀ ਇੰਦਰਜੀਤ ਕੌਰ ਮੁਖੀ ਸਿੱਖ ਧਰਮਾ ਇੰਟਰਨੈਸ਼ਨਲ ਅਮਰੀਕਾ ਅਤੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਬਰਮਿੰਘਮ ਯੂ. ਕੇ. ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਤਿੰਨੇ ਸ਼ਖਸੀਅਤਾਂ ਵਿਸ਼ਵ ਭਰ 'ਚ ਸਿੱਖੀ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹਨ। ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਲਈ ਇਨ੍ਹਾਂ ਦੇ ਕਾਰਜ ਪ੍ਰੇਰਣਾਸ੍ਰੋਤ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਦੁਬਈ 'ਚ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਸ. ਕੰਧਾਰੀ ਦੇ ਕਾਰਜ ਸ਼ਲਾਘਾਯੋਗ ਹਨ। ਇਸੇ ਤਰ੍ਹਾਂ ਡਾ. ਬੀਬੀ ਇੰਦਰਜੀਤ ਕੌਰ ਅਤੇ ਭਾਈ ਮਹਿੰਦਰ ਸਿੰਘ ਵਿਦੇਸ਼ਾਂ 'ਚ ਸਿੱਖੀ ਪ੍ਰਚਾਰ ਅਤੇ ਸਿੱਖ ਪਛਾਣ ਦੇ ਉਭਾਰ ਲਈ ਵਿਸ਼ੇਸ਼ ਯਤਨ ਕਰ ਰਹੇ ਹਨ।


Baljeet Kaur

Content Editor

Related News