ਸਿੱਖਿਆ ਮੰਤਰੀ ਵਲੋਂ ਮੈਡੀਕਲ ਕਾਲਜ ''ਚ ਅਚਨਚੇਤ ਚੈਕਿੰਗ

08/08/2019 6:08:48 PM

ਅੰਮ੍ਰਿਤਸਰ (ਦਲਜੀਤ, ਕਮਲ) : ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਨੇ ਸਵੇਰੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਅਚਨਚੇਤ ਚੈਕਿੰਗ ਕੀਤੀ। ਗੁਰੂ ਨਾਨਕ ਦੇਵ ਹਸਪਤਾਲ ਵਿਚ ਸਵੇਰੇ ਠੀਕ 9 ਵਜੇ ਛਾਪੇਮਾਰੀ ਦੌਰਾਨ ਬਹੁਤਾ ਸਟਾਫ ਦੇਰੀ ਨਾਲ ਆ ਰਿਹਾ ਮਿਲਿਆ। ਇਸ ਦਾ ਗੰਭੀਰ ਨੋਟਿਸ ਲੈਂਦੇ ਮੰਤਰੀ ਸੋਨੀ ਨੇ ਚਿਤਾਵਨੀ ਦਿੱਤੀ ਕਿ ਅਜਿਹਾ ਅੱਗੇ ਤੋਂ ਨਾ ਹੋਵੇ। ਹਰੇਕ ਡਾਕਟਰ ਅਤੇ ਸਟਾਫ ਸਮੇਂ ਸਿਰ ਪਹੁੰਚ ਕੇ ਕੰਮ 'ਤੇ ਲੱਗੇ। ਉਨ੍ਹਾਂ ਕਿਹਾ ਕਿ ਭਵਿੱਖ 'ਚ ਜੋ ਵੀ ਦੇਰੀ ਨਾਲ ਹਸਪਤਾਲ ਆਉਂਦਾ ਜਾਂ ਗੈਰ-ਹਾਜ਼ਰ ਫੜਿਆ ਗਿਆ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਮੰਤਰੀ ਸੋਨੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਬਣਾਏ ਗਏ ਇਸ ਹਸਪਤਾਲ ਨੂੰ ਉਨ੍ਹਾਂ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਮੇਂ ਦਾ ਹਾਣੀ ਬਣਾਇਆ ਜਾਵੇਗਾ। ਇਸ ਲਈ ਹਸਤਪਾਲ ਦੀ ਜੋ ਵੀ ਲੋੜ ਹੈ, ਉਸ ਨੂੰ ਸਰਕਾਰ ਪੂਰਾ ਕਰੇਗੀ। ਉਨ੍ਹਾਂ ਹਸਪਤਾਲ ਨੂੰ ਇਕ ਹੋਰ ਐਬੂਲੈਂਸ ਦੇਣ ਦਾ ਐਲਾਨ ਕਰਦਿਆਂ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਸਪਤਾਲ ਸਟਾਫ ਦੀ ਜੋ ਵੀ ਲੋੜ ਹੈ, ਉਸ ਬਾਬਤ ਵੇਰਵੇ ਦਿੱਤੇ ਜਾਣ ਤਾਂ ਜੋ ਸਾਰਾ ਸਾਜ਼ੋ-ਸਾਮਾਨ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ ਮਾਹਿਰ ਡਾਕਟਰ ਤਾਂ ਹੀ ਮਰੀਜ਼ਾਂ ਦਾ ਇਲਾਜ ਸਹੀ ਤਰੀਕੇ ਨਾਲ ਕਰ ਸਕਣਗੇ, ਜੇਕਰ ਲੋੜੀਂਦਾ ਢਾਂਚਾ ਹੋਵੇ। ਇਸ ਮੌਕੇ ਡਾਕਟਰਾਂ ਦੇ ਨਾਲ-ਨਾਲ ਦਾਖਲ ਅਤੇ ਦਵਾਈ ਲੈਣ ਵਾਲੇ ਮਰੀਜ਼ਾਂ ਨਾਲ ਵੀ ਉਨ੍ਹਾਂ ਗੱਲਬਾਤ ਕੀਤੀ।

ਹਸਪਤਾਲ ਦੀ ਕੰਟੀਨ 10 ਦਿਨ ਲਈ ਬੰਦ ਕਰਨ ਦੇ ਦਿੱਤੇ ਹੁਕਮ
ਹਸਪਤਾਲ ਦੀ ਕੰਟੀਨ 'ਚ ਕੀਤੀ ਜਾਂਚ ਦੌਰਾਨ ਮੰਤਰੀ ਸੋਨੀ ਨੇ ਮੰਦੇ ਹਾਲ ਦਾ ਗੰਭੀਰ ਨੋਟਿਸ ਲੈਂਦੇ ਕੰਟੀਨ 10 ਦਿਨ ਲਈ ਬੰਦ ਕਰਨ ਦਾ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਦੀ ਮੁਰੰਮਤ ਦਾ ਕੰਮ ਪੂਰਾ ਕੀਤਾ ਜਾਵੇ ਅਤੇ ਫਿਰ ਕੰਟੀਨ ਖੋਲ੍ਹੀ ਜਾਵੇ। ਉਨ੍ਹਾਂ ਕੰਟੀਨ ਦੀ ਸਾਫ-ਸਫਾਈ ਨੂੰ ਵੀ ਗਹੁ ਨਾਲ ਵੇਖਿਆ। ਇਸ 'ਚ ਵੱਡੇ ਸੁਧਾਰ ਲਿਆਉਣ ਦੀ ਹਦਾਇਤ ਕਰਦੇ ਕਿਹਾ ਕਿ ਮਰੀਜ਼ਾਂ ਦੇ ਨਾਲ-ਨਾਲ ਹੋਰ ਲੋਕ ਵੀ ਇੱਥੇ ਚਾਹ-ਪਾਣੀ ਲਈ ਆਉਂਦੇ ਹਨ ਅਤੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਕੰਟੀਨ ਠੇਕੇਦਾਰ ਨੂੰ ਨਹੀਂ ਦਿੱਤੀ ਜਾ ਸਕਦੀ। ਇਸ ਮੌਕੇ ਮੰਤਰੀ ਨੇ ਹਸਪਤਾਲ ਵਿਚ ਚੱਲ ਰਹੇ ਉਸਾਰੀ ਦੇ ਕੰਮ ਨੂੰ ਛੇਤੀ ਪੂਰਾ ਕਰਨ ਦੀ ਹਦਾਇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਰਦੇ ਕਿਹਾ ਕਿ ਸਰਕਾਰ ਸਿਹਤ ਸਹੂਲਤਾਂ ਲਈ ਵਚਨਬੱਧ ਹੈ। ਇਸ ਵਿਚ ਕੁਤਾਹੀ ਜਾਂ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਹਸਪਤਾਲ 'ਚੋਂ ਦਲਾਲਾਂ ਦੇ ਖਾਤਮੇ ਲਈ ਯੋਗ ਉਪਰਾਲੇ ਕੀਤੇ ਜਾਣ
ਮੰਤਰੀ ਸੋਨੀ ਨੇ ਨਵ-ਨਿਯੁਕਤ ਮੈਡੀਕਲ ਸੁਪਰਡੈਂਟ ਜੇ. ਐੈੱਸ. ਕੁਲਾਰ ਨੂੰ ਆਦੇਸ਼ ਦਿੱਤੇ ਕਿ ਹਸਪਤਾਲ ਵਿਚ ਜਿੰਨਾ ਵੀ ਪੁਰਾਣਾ ਸਾਮਾਨ ਹੈ, ਨੂੰ ਕੰਡਮ ਕੀਤਾ ਜਾਵੇ। ਹਸਪਤਾਲ ਵਾਸਤੇ ਨਵੇਂ ਬੈੱਡ, ਸ਼ੀਟਾਂ ਦੀ ਖਰੀਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲ 'ਚੋਂ ਦਲਾਲਾਂ ਦਾ ਖਾਤਮਾ ਕਰਨ ਦੇ ਯੋਗ ਉਪਰਾਲੇ ਕੀਤੇ ਜਾਣ। ਮੈਡੀਕਲ ਸੁਪਰਡੈਂਟ ਕੁਲਾਰ ਨੇ ਭਰੋਸਾ ਦਿਵਾਇਆ ਕਿ ਅੱਗੇ ਤੋਂ ਕੋਈ ਵੀ ਮੁਲਾਜ਼ਮ ਡਿਊਟੀ 'ਤੇ ਲੇਟ ਨਹੀਂ ਹੋਵੇਗਾ। ਆਪ ਵੱਲੋਂ ਜੋ ਆਦੇਸ਼ ਦਿੱਤੇ ਹਨ, ਨੂੰ ਮਿੱਥੇ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ। ਇਸ ਸਮੇਂ ਡਾ. ਵੀਨਾ ਸ਼ਰਮਾ, ਵਾਈਸ ਪ੍ਰਿੰਸੀਪਲ ਮੈਡੀਕਲ ਕਾਲਜ, ਡਾ. ਸ਼ਿਵਚਰਨ, ਡਾ. ਰਾਕੇਸ਼ ਸ਼ਰਮਾ, ਡਾ. ਅਸ਼ੋਕ ਕੁਮਾਰ ਸਹਾਇਕ ਪ੍ਰੋਫੈਸਰ ਸਰਜਰੀ, ਆਈ. ਪੀ. ਖੁੱਲਰ ਚੇਅਰਮੈਨ ਪੰਜਾਬ ਫਾਰਮੇਸੀ ਕੌਂਸਲ ਵੀ ਹਾਜ਼ਰ ਸਨ।

 


Baljeet Kaur

Content Editor

Related News